ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਥਾਪਰ ਇੰਸਟੀਚਿਊਟ ਵਿਖੇ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਕਰਵਾਇਆ
ਪਟਿਆਲਾ, 28 ਮਾਰਚ:
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸਾਂਝੇ ਤੌਰ ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ, ਪਟਿਆਲਾ ਨਾਲ ਮਿਲ ਕੇ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐਨ.ਸੀ.ਏ.ਪੀ) ਦੇ ਸਲੋਗਨ ‘ਪਟਿਆਲਾ ਸ਼ਹਿਰ ਵਿੱਚ ਸਾਫ਼ ਹਵਾ ਵੱਲ ਇੱਕ ਕਦਮ’ ਤਹਿਤ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ।
ਇਸ ਪ੍ਰੋਗਰਾਮ ਦਾ ਉਦੇਸ਼ ਮੁੱਖ ਹਿੱਸੇਦਾਰਾਂ ਨੂੰ ਇਕੱਠਾ ਲੈ ਕੇ ਆਉਣਾ ਸੀ, ਜਿਨ੍ਹਾਂ ਵਿੱਚ ਸਰਕਾਰੀ ਵਿਭਾਗਾਂ, ਉਦਯੋਗਿਕ ਐਸੋਸੀਏਸ਼ਨਾਂ, ਵਿੱਦਿਅਕ ਅਦਾਰੇ, ਪੇਸ਼ਾਵਰਾਂ, ਖੋਜ ਕਰਤਿਆਂ ਅਤੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਤਾਂ ਜੋ ਪਟਿਆਲਾ ਵਿੱਚ ਹਵਾ ਦੀ ਗੁਣਵੱਤਾ ਨੂੰ ਸੁਧਾਰਨ ਦੇ ਲਈ ਸਥਾਈ ਹੱਲਾਂ ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ।
ਇਸ ਸਮਾਗਮ ਦੀ ਸ਼ੁਰੂਆਤ ਡਾ. ਗੁਰਬਿੰਦਰ ਸਿੰਘ, ਰਜਿਸਟਰਾਰ, ਥਾਪਰ ਇੰਸਟੀਚਿਊਟ ਅਤੇ ਪੀਪੀਸੀਬੀ ਮੈਂਬਰ ਦੁਆਰਾ ਕੀਤੀ ਗਈ। ਇਸ ਤੋਂ ਬਾਅਦ ਖੇਤਰੀ ਦਫ਼ਤਰ, ਪਟਿਆਲਾ ਦੇ ਵਾਤਾਵਰਣ ਇੰਜੀਨੀਅਰ ਇੰਜ: ਗੁਰਕਰਨ ਸਿੰਘ ਵੱਲੋਂ ਸਾਰਿਆਂ ਦਾ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਅਤੇ ਪਟਿਆਲਾ ਸ਼ਹਿਰ ਦੇ ਸਰੋਤ ਵਿਸ਼ਲੇਸ਼ਣ ਅਧਿਐਨ ਦੇ ਮੁੱਖ ਪੱਖਾਂ ਦੀ ਜਾਣਕਾਰੀ ਸਾਂਝੀ ਕੀਤੀ। ਵੱਖ-ਵੱਖ ਖੇਤਰਾਂ ਦੇ ਵਿਸ਼ਿਆਂ ਦੇ ਜਾਣਕਾਰਾਂ ਨੇ ਹਵਾ ਪ੍ਰਦੂਸ਼ਣ ਦੇ ਵੱਖ-ਵੱਖ ਪੱਖਾਂ ਤੇ ਕੀਮਤੀ ਵਿਚਾਰ ਸਾਂਝੇ ਕੀਤੇ, ਜਿਵੇਂ ਕਿ ਇਸ ਦੇ ਮਨੁੱਖੀ ਸਿਹਤ ਤੇ ਪੈਣ ਵਾਲੇ ਪ੍ਰਤੀਕੂਲ ਪ੍ਰਭਾਵ, ਸਥਾਈ ਉਦਯੋਗਿਕ ਪਾਲਣਹਾਰ ਪ੍ਰਯੋਗ, ਹਰੇ ਭੂਰੇ ਖੇਤਰ ਦਾ ਵਾਧਾ, ਅਤੇ ਹਵਾ ਦੀ ਗੁਣਵੱਤਾ ਨੂੰ ਸੁਧਾਰਨ ਲਈ ਨਵੀਨਤਮ ਤਕਨੀਕਾਂ।
ਇਸ ਪ੍ਰੋਗਰਾਮ ਵਿੱਚ ਡਾ. ਵਿਸ਼ਾਲ ਚੋਪੜਾ ਨੇ ਹਵਾ ਪ੍ਰਦੂਸ਼ਣ ਦੇ ਮਨੁੱਖੀ ਸਿਹਤ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਚਰਚਾ ਕੀਤੀ। ਡਾ. ਆਸ਼ੂਤੋਸ਼ ਕੁਮਾਰ ਨੇ ਪ੍ਰਦੂਸ਼ਣ ਨੂੰ ਘਟਾਉਣ ਲਈ ਸਥਾਈ ਪ੍ਰਯੋਗਾਂ ਤੇ ਚਰਚਾ ਕੀਤੀ। ਸ਼੍ਰੀ ਗੁਰਮਨਪ੍ਰੀਤ ਸਿੰਘ ਨੇ ਅਫ਼ੌਰੇਸਟੇਸ਼ਨ, ਪੌਦੇ ਲਗਾਓ ਵਾਲੀ ਤਕਨੀਕ ਅਤੇ ਅੰਦਰੂਨੀ ਅਤੇ ਬਾਹਰੀ ਪ੍ਰਦੂਸ਼ਣ ਨੂੰ ਘਟਾਉਣ ਲਈ ਰਣਨੀਤੀਆਂ ਬਾਰੇ ਚਰਚਾ ਕੀਤੀ। ਸ਼੍ਰੀ ਹਰਿੰਦਰ ਲੰਬਾ ਨੇ ਪਟਿਆਲਾ ਨੂੰ ਸਾਫ਼ ਕਰਨ ਵਿੱਚ ਉਦਯੋਗਾਂ ਦੀ ਭੂਮਿਕਾ ਤੇ ਗੱਲ ਕੀਤੀ।
ਸ੍ਰੀ ਮੁਕਤੇਸ਼ ਚੌਧਰੀ, ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਕੰਨਸਲਟੈਂਟ ਵੱਲੋਂ ਵਿਸ਼ੇਸ਼ ਤੌਰ ਤੇ ‘ਪਟਿਆਲਾ ਸ਼ਹਿਰ ਵਿੱਚ ਸਾਫ਼ ਹਵਾ ਵੱਲ ਇੱਕ ਕਦਮ’ ਤਹਿਤ ਜਾਣਕਾਰੀ ਦਿੰਦੇ ਹੋਏ, ਹਵਾ ਦੀ ਗੁਣਵੱਤਾ ਪ੍ਰਬੰਧਨ ਵਿੱਚ ਸਹਿਯੋਗੀ ਯਤਨਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਡਾ. ਗੁਰਬਿੰਦਰ ਸਿੰਘ, ਰਜਿਸਟਰਾਰ, ਥਾਪਰ ਤੇ ਬੋਰਡ ਮੈਂਬਰ ਵੱਲੋਂ ਸਾਫ਼ ਅਤੇ ਸਿਹਤਮੰਦ ਵਾਤਾਵਰਣ ਪ੍ਰਤੀ ਸਭ ਹਿੱਸੇਦਾਰਾਂ ਦੀ ਵਚਨਬੱਧਤਾ ਨੂੰ ਦੁਹਰਾਇਆ। ਇਸ ਪ੍ਰੋਗਰਾਮ ਵਿੱਚ ਥਾਪਰ ਯੂਨੀਵਰਸਿਟੀ, ਪਟਿਆਲਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਚਿਤਕਾਰਾ ਯੂਨੀਵਰਸਿਟੀ, ਰਾਜਪੁਰਾ ਦੇ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਇਹ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਇੰਜ: ਮੋਹਿਤ ਬਿਸ਼ਟ, ਵਾਤਾਵਰਣ ਇੰਜੀਨੀਅਰ (ਯੂ.ਪੀ), ਇੰਜ: ਮੋਹਿਤ ਸਿੰਗਲਾ, ਵਾਤਾਵਰਣ ਇੰਜੀਨੀਅਰ (ਯੂ.ਪੀ), ਇੰਜ: ਧਰਮਵੀਰ ਸਿੰਘ, ਸਹਾਇਕ ਵਾਤਾਵਰਣ ਇੰਜੀਨੀਅਰ, ਇੰਜ: ਅਕਾਂਕਸ਼ਾ ਬਾਂਸਲ, ਸਹਾਇਕ ਵਾਤਾਵਰਣ ਇੰਜੀਨੀਅਰ (ਓ.ਐਸ), ਸ੍ਰੀ ਰਜਿੰਦਰ ਸਿੰਘ, ਐਸ.ਏ., ਇੰਜ: ਵਿਨੋਦ ਕੁਮਾਰ ਸਿੰਗਲਾ, ਜੂਨੀਅਰ ਵਾਤਾਵਰਣ ਇੰਜੀਨੀਅਰ ਅਤੇ ਖੇਤਰੀ ਦਫ਼ਤਰ, ਪਟਿਆਲਾ ਦੇ ਸਟਾਫ਼ ਮੈਂਬਰਾਂ ਨੇ ਸਹਿਯੋਗ ਕੀਤਾ।
Related Posts
Advertisement
