ਟੈਕਸ ਤੋਂ ਮੁਕਤੀ ਦੇ ਦਿਨ ਆ ਰਹੇ ਹਨ ਨੇੜੇ- ਟਰੰਪ
ਨਿਊਜ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ 2 ਅਪ੍ਰੈਲ ਨੂੰ ਉਹ ਟੈਰਿਫ ਦੀ ਲੜੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ ਤੇ ਇਹ ਦਿਨ ਅਮਰੀਕੀਆਂ ਲਈ ਟੈਕਸ ਤੋਂ ‘ਮੁਕਤੀ ਦਿਵਸ’ ਹੋਵੇਗਾ। ਇਹ ਕਦਮ ਅਮਰੀਕਾ ਨੂੰ ਵਿਦੇਸ਼ੀ ਵਸਤਾਂ ਤੋਂ ਆਜ਼ਾਦ ਕਰ ਦੇਵੇਗਾ। ਟਰੰਪ ਵੱਲੋਂ ਐਲਾਨੇ ਜਾਣ ਵਾਲੇ ਦਰਾਮਦ ਟੈਕਸਾਂ ਦੇ ਅਗਲੇ ਦੌਰ ਦੇ ਵੇਰਵੇ ਅਜੇ ਵੀ ਸਪੱਸ਼ਟ ਨਹੀਂ ਹਨ।
ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਔਸਤ ਅਮਰੀਕੀ ਪਰਿਵਾਰਾਂ ਨੂੰ ਉੱਚ ਕੀਮਤਾਂ ਤੇ ਘੱਟ ਆਮਦਨ ਦੇ ਰੂਪ ’ਚ ਉਨ੍ਹਾਂ ਦੇ ਟੈਰਿਫ ਦੀ ਲਾਗਤ ਝੱਲਣੀ ਪਵੇਗੀ। ਦੂਜੇ ਪਾਸੇ ਟਰੰਪ ਵ੍ਹਾਈਟ ਹਾਊਸ ’ਚ ਕਈ ਸੀਈਓਜ਼ ਨੂੰ ਸੱਦਾ ਦੇ ਰਹੇ ਹਨ ਤੇ ਕਹਿ ਰਹੇ ਹਨ ਉਹ ਦਰਾਮਦ ਟੈਕਸਾਂ ਤੋਂ ਬਚਣ ਲਈ ਨਵੇਂ ਪ੍ਰਾਜੈਕਟਾਂ ’ਚ ਸੈਂਕੜੇ ਅਰਬ ਡਾਲਰ ਦਾ ਨਿਵੇਸ਼ ਕਰ ਰਹੇ ਹਨ।
Read Also- ਪੰਜਾਬ ਵਿੱਚ ਕਿਸਾਨ ਕਰਨਗੇ CM ਤੇ ਮੰਤਰੀਆਂ ਦੇ ਨਿਵਾਸ ਦਾ ਘਿਰਾਓ
ਮਾਹਿਰਾਂ ਦਾ ਮੰਨਣਾ ਹੈ ਕਿ ਕਿ ਜੇ ਟਰੰਪ ਨੂੰ ਲਗਦਾ ਹੈ ਕਿ ਉਹ ਟੈਰਿਫ ਲਾਗੂ ਕਰਨ ਤੋਂ ਬਾਅਦ ਕੋਈ ਸੌਦਾ ਕਰ ਸਕਦੇ ਹਨ ਤਾਂ ਸੰਭਾਵਨਾ ਹੈ ਕਿ ਇਹ ਟੈਰਿਫ ਘੱਟ ਸਮੇਂ ਲਈ ਹੋਣ। ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਂ ਯਕੀਨੀ ਤੌਰ ’ਤੇ ਇਸ ਲਈ ਤਿਆਰ ਹੈ, ਜੇ ਅਸੀਂ ਕੁਝ ਕਰ ਸਕੇ। ਅਸੀਂ ਇਸ ਬਦਲੇ ਕੁਝ ਹਾਸਲ ਕਰਾਂਗੇ।’ ਟਰੰਪ ਨੇ ਕਿਹਾ, ‘ਇਹ ਅਮਰੀਕਾ ’ਚ ਮੁਕਤੀ ਦਿਵਸ ਦੀ ਸ਼ੁਰੂਆਤ ਹੈ।’ ਉਨ੍ਹਾਂ ਬੀਤੇ ਦਿਨ ਇੱਕ ਇੰਟਰਵਿਊ ਦੌਰਾਨ ਕਿਹਾ, ‘ਅਸੀਂ ਉਨ੍ਹਾਂ ਮੁਲਕਾਂ ਤੋਂ ਟੈਕਸ ਲਵਾਂਗੇ ਜੋ ਕਈ ਸਾਲਾਂ ਤੋਂ ਸਾਡੇ ਦੇਸ਼ ਅੰਦਰ ਵਪਾਰ ਕਰ ਰਹੇ ਹਨ ਅਤੇ ਸਾਡੀਆਂ ਨੌਕਰੀਆਂ, ਸਾਡਾ ਪੈਸਾ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਲੈ ਰਹੇ ਹਨ।
ਉਨ੍ਹਾਂ ਸਾਡੇ ਦੇਸ਼ ਤੋਂ ਬਹੁਤ ਕੁਝ ਖੋਹ ਲਿਆ ਹੈ ਫਿਰ ਭਾਵੇਂ ਉਹ ਦੋਸਤ ਹੋਣ ਜਾਂ ਦੁਸ਼ਮਣ। ਉਨ੍ਹਾਂ ਕਿਹਾ ਕਿ ਦੋਸਤ ਅਕਸਰ ਦੁਸ਼ਮਣ ਤੋਂ ਵੀ ਜ਼ਿਆਦਾ ਬੁਰੇ ਹੁੰਦੇ ਹਨ।’ ਟਰੰਪ ਨੇ ਇਹ ਵੀ ਕਿਹਾ ਕਿ ਉਹ ਆਪਣੇ ਟੈਰਿਫ ਬਾਰੇ ਲਚਕੀਲੇ ਰਹਿਣਗੇ। ਜ਼ਿਕਰਯੋਗ ਹੈ ਕਿ ਟਰੰਪ ਦੀ ਭਾਰਤ, ਯੂਰਪੀ ਯੂਨੀਅਨ, ਦੱਖਣੀ ਕੋਰੀਆ ਤੇ ਬ੍ਰਾਜ਼ੀਲ ਸਮੇਤ ਹੋਰ ਮੁਲਕਾਂ ’ਤੇ ਜਵਾਬੀ ਟੈਕਸ ਲਾਉਣ ਦੀ ਯੋਜਨਾ ਹੈ।