NIA ਨੇ ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਵਾਲੇ ਮੁੱਖ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
ਨਿਊਜ ਡੈਸਕ- ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਬਦਲੇ ਲੱਖਾਂ ਰੁਪਏ ਲੈਣ ਤੇ ਨੌਜਵਾਨਾਂ ਨੂੰ ਖਤਰੇ ਵਿਚ ਪਾਉਣ ਵਾਲੇ ਏਜੰਟ ਨੂੰ NIA ਨੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦਿੱਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਦੋਸ਼ੀ ਨੇ ਪੰਜਾਬ ਦੇ ਮੁੰਡੇ ਨੂੰ ਡੰਕੀ ਰਾਹੀਂ ਅਮਰੀਕਾ ਭੇਜਿਆ ਸੀ ਤੇ ਇੱਕ ਮਹੀਨੇ ਦੇ ਅੰਦਰ ਹੀ ਮੁੰਡਾ ਡਿਪੋਰਟ ਹੋ ਗਿਆ ਸੀ । ਮੁਲਜ਼ਮ ਗਗਨਦੀਪ ਸਿੰਘ ਉਰਫ ਗੋਲਡੀ ਹੈ, ਜੋ ਦਿੱਲੀ ਦਾ ਵਸਨੀਕ ਹੈ। ਉਹ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਲਾਲਚ ਦੇ ਕੇ ਲੱਖਾਂ ਰੁਪਏ ਇਕੱਠੇ ਕਰ ਰਿਹਾ ਸੀ।
ਮਾਮਲਾ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਇਕ ਵਿਅਕਤੀ ਨਾਲ ਜੁੜਿਆ ਹੈ ਜਿਸ ਨੂੰ ਦਸੰਬਰ 2024 ਵਿਚ ਡੰਕੀ ਰੂਟ ਰਾਹੀਂ ਅਮਰੀਕਾ ਭੇਜਿਆ ਗਿਆ ਸੀ। ਪੀੜਤ ਨੇ ਏਜੰਟ ਨੂੰ 45 ਲੱਖ ਰੁਪਏ ਦਿੱਤੇ ਸਨ। ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ 15 ਫਰਵਰੀ ਨੂੰ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਸੀ।
Read Also- ਬ੍ਰਿਟਿਸ਼ ਸੰਸਦ 'ਚ ਗੂੰਜਿਆ ਜਲ੍ਹਿਆਂਵਾਲਾ ਬਾਗ ਕਾਂਡ
ਭਾਰਤ ਵਾਪਸ ਆਉਣ ਦੇ ਬਾਅਦ ਪੀੜਤ ਨੇ ਦੋਸ਼ੀ ਖਿਲਾਫ ਸ਼ਿਕਾਇਤ ਦਰਜ ਕਰਾਈ ਸੀ ਜਿਸ ਦੇ ਬਾਅਦ ਪੰਜਾਬ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ ਤੇ ਜਾਂਚ ਸ਼ੁਰੂ ਕਰ ਦਿੱਤੀ ਸੀ। 13 ਮਾਰਚ ਨੂੰ ਇਹ ਕੇਸ NIA ਨੂੰ ਸੌਂਪ ਦਿੱਤਾ ਗਿਆ ਸੀ ਤੇ 17 ਦਿਨਾਂ ਦੇ ਅੰਦਰ NIA ਨੇ ਏਜੰਟ ਨੂੰ ਗ੍ਰਿਫਤਾਰ ਕਰ ਲਿਆ। ਹੁਣ NIA ਮੁਲਜ਼ਮ ਤੋਂ ਪੁੱਛਗਿਛ ਕਰਕੇ ਇਸ ਪੂਰੇ ਨੈਟਵਰਕ ਤੇ ਹੋਰਨਾਂ ਮੈਂਬਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।
ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਗੋਲਡੀ ਕੋਲ ਵਿਦੇਸ਼ ਭੇਜਣ ਦਾ ਕੋਈ ਵੈਧ ਲਾਇਸੈਂਸ ਨਹੀਂ ਸੀ। ਉਸ ਨੇ ਸਪੇਨ, ਅਲ ਸਲਵਾਡੋਰ, ਗਵਾਟੇਮਾਲਾ ਤੇ ਮੈਕਸੀਕੋ ਜ਼ਰੀਏ ਪੀੜਤ ਨੂੰ ਅਮਰੀਕਾ ਭੇਜਿਆ। ਯਾਤਰਾ ਦੌਰਾਨ ਗੋਲਡੀ ਦੇ ਸਾਥੀਆਂ ਨੇ ਪੀੜਤ ਨੂੰ ਕੁੱਟਿਆ ਤੇ ਉਸ ਕੋਲ ਮੌਜੂਦ ਅਮਰੀਕੀ ਡਾਲਰ ਖੋਹ ਲਏ।