ਜੁਗਲ ਕਿਸ਼ੋਰ ‘ਪੰਗੋਤਰਾ’ ਦੁਆਰਾ ਸੰਪਾਦਿਤ ਪੁਸਤਕ ‘ਇੱਕ ਸੀ ਭੂਆ’ ਦਾ ਲੋਕ ਅਰਪਣ ਕੀਤਾ ਗਿਆ

ਜੁਗਲ ਕਿਸ਼ੋਰ ‘ਪੰਗੋਤਰਾ’ ਦੁਆਰਾ ਸੰਪਾਦਿਤ ਪੁਸਤਕ ‘ਇੱਕ ਸੀ ਭੂਆ’ ਦਾ ਲੋਕ ਅਰਪਣ ਕੀਤਾ ਗਿਆ

ਦੀਨਾਨਗਰ, 05 ਅਪ੍ਰੈਲ (      ) - ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ, ਦੀਨਾਨਗਰ ਵੱਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ, ਗੁਰਦਾਸਪੁਰ ਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਐੱਸ ਐੱਸ ਐੱਮ ਕਾਲਜ,ਦੀਨਾਨਗਰ ਦੇ ਸਹਿਯੋਗ ਨਾਲ ਐੱਸ.ਐੱਸ.ਐੱਮ ਕਾਲਜ, ਦੀਨਾਨਗਰ ਵਿਖੇ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ. ਧਿਆਨ ਸਿੰਘ ਸ਼ਾਹ ਸਿਕੰਦਰ ਜੀ ਰਚਿਤ ਤੇ ਜੁਗਲ ਕਿਸ਼ੋਰ ‘ਪੰਗੋਤਰਾ’ ਦੁਆਰਾ ਸੰਪਾਦਿਤ ਪੁਸਤਕ ‘ਇੱਕ ਸੀ ਭੂਆ’ ਦੇ ਲੋਕ ਅਰਪਣ ਤੇ ਵਿਚਾਰ–ਗੋਸ਼ਟੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਪਿਆਰ ਕਰਨ ਵਾਲੇ ਡੀ.ਐੱਸ.ਪੀ ਸ. ਸੁਖਵਿੰਦਰ ਪਾਲ ਸਿੰਘ ਹੋਰਾਂ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।

ਸਮਾਗਮ ਦਾ ਆਗਾਜ਼ ਸ਼ਮ੍ਹਾਂ ਰੌਸ਼ਨ ਨਾਲ ਕੀਤਾ ਗਿਆ ਤੇ ਆਏ ਮਹਿਮਾਨਾਂ ਨੂੰ ਫੁੱਲਾਂ ਦੇ ਗਮਲੇ ਦੇ ਕੇ ‘ਜੀ ਆਇਆਂ ਨੂੰ’ ਆਖਿਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਰ ਕੇ ਤੁਲੀ ਤੇ ਸਭਾ ਦੇ ਪ੍ਰਧਾਨ ਸਨੇਹ ਸਰਿਤਾ ਜੋਸ਼ੀ (ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ) ਹੋਰਾਂ ਨੇ ਆਪਣੇ ਸਵਾਗਤੀ ਬੋਲਾਂ ਨਾਲ ਆਏ ਮਹਿਮਾਨਾਂ ਅਤੇ ਦੂਰ ਦੂਰ ਤੋਂ ਆਏ ਵਿਦਵਾਨਾਂ, ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਦਾ ਸਵਾਗਤ ਤੇ ਧੰਨਵਾਦ ਕੀਤਾ। ਇਸ ਉਪਰੰਤ ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਦੀ ਘੁੰਡ ਚੁਕਾਈ ਕਰਦਿਆਂ ਪੁਸਤਕ ਲੋਕ ਅਰਪਣ ਕੀਤੀ ਗਈ।

ਪੁਸਤਕ ਦੀ ਵਿਚਾਰ–ਗੋਸ਼ਟੀ ਦਾ ਪ੍ਰਾਰੰਭ ਪ੍ਰੋ. ਬਲਦੇਵ ਸਿੰਘ ‘ਬੱਲੀ’ ਹੋਰਾਂ ਨੇ ਕੀਤਾ ਤੇ ਪੁਸਤਕ ਵਿਚਲੀਆਂ ਕਹਾਣੀਆਂ ਦੇ ਹਰੇਕ ਪੱਖ ਨੂੰ ਬਹੁਤ ਸੁਹਣੇ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਕਹਾਣੀਆਂ ਦੇ ਸੂਖਮ ਪਹਿਲੂਆਂ ’ਤੇ ਬਹੁਤ ਵਿਸਥਾਰ ਨਾਲ ਚਰਚਾ ਕਰਦਿਆਂ ਕਿਹਾ ਕਿ ਇਹਨਾਂ ਜੀਵਨੀ ਮੂਲਕ ਕਹਾਣੀਆਂ ਵਿੱਚ ਸਮਾਜ ਦੀਆਂ ਅਨੇਕਾਂ ਸਮੱਸਿਆਵਾਂ ਤੇ ਬੁਨਿਆਦੀ ਮਸਲਿਆਂ ਨੂੰ ਵਿਸ਼ਾ ਬਣਾਇਆ ਗਿਆ ਹੈ।

ਪ੍ਰੋ. ਸੁਖਵਿੰਦਰ ਕੌਰ ਤੇ ਡਾ. ਗੁਰਮਨਦੀਪ ਕੌਰ ਹੋਰਾਂ ਦੇ ਭਾਵਪੂਰਤ ਤੇ ਗਹਿਰ ਗੰਭੀਰ ਖੋਜ ਪੱਤਰਾਂ ਨੇ ਪੁਸਤਕ ਦੇ ਹਰੇਕ ਪੱਖ ’ਤੇ ਬਹੁਤ ਵਧੀਆ ਤਰੀਕੇ ਨਾਲ ਰੋਸ਼ਨੀ ਪਾਈ। ਉਹਨਾਂ ਦੇ ਵਿਦਵਤਾ ਭਰਪੂਰ ਖੋਜ ਪੱਤਰਾਂ ਦੀ ਸਭ ਵੱਲੋਂ ਸ਼ਲਾਘਾ ਕੀਤੀ ਗਈ।

ਪੁਸਤਕ ਦੇ ਸਿਰਜਕ ਸ. ਧਿਆਨ ਸਿੰਘ ਸ਼ਾਹ ਸਿਕੰਦਰ ਜੀ ਨੇ ਇਸ ਕਿਤਾਬ ਵਿੱਚ ਸ਼ਾਮਲ ਕਹਾਣੀਆਂ ਤੇ ਆਪਣੀ ਸਿਰਜਣ ਪ੍ਰਕਿਰਿਆ ਸੰਬੰਧੀ ਸਾਂਝ ਪਾਈ ਜਦਕਿ ਪੁਸਤਕ ਦੇ ਸੰਪਾਦਕ ਜੁਗਲ ਕਿਸ਼ੋਰ ‘ਪੰਗੋਤਰਾ’ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਸ਼ਾਹ ਸਿਕੰਦਰ ਹੋਰਾਂ ਦੀਆਂ ਇਹ ਕਹਾਣੀਆਂ ਗਵਾਚਣ ਤੋਂ ਬਚਾਉਣ ਲਈ ਉਹ ਕੁਝ ਕਰ ਸਕਿਆ ਹੈ ਤੇ ਇਸ ਤੋਂ ਵੀ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਪਾਠਕ ਵਰਗ ਵੱਲੋਂ ਇਸ ਕਿਤਾਬ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਮੁੱਖ ਮਹਿਮਾਨ ਡੀ ਐੱਸ ਪੀ ਸੁਖਵਿੰਦਰ ਪਾਲ ਸਿੰਘ ਹੋਰਾਂ ਕਿਤਾਬ ਨੂੰ ਜਿਸ ਅੰਦਾਜ਼ ਨਾਲ ਵੱਖ ਵੱਖ ਪੱਖਾਂ ਨੂੰ ਉਜਾਗਰ ਕੀਤਾ ਸਭ ਦੰਗ ਰਹਿ ਗਏ।ਇਸ ਕਿਤਾਬ ਸੰਬੰਧੀ ਕਾਲਜ ਦੇ ਪ੍ਰੋ. ਸੁਬੀਰ ਹੋਰਾਂ ਵੀ ਆਪਣੇ ਵਿਚਾਰ ਸਾਂਝੇ ਕੀਤੇ। ਮੰਚ ਦਾ ਸੰਚਾਲਨ ਪ੍ਰੋ. ਗ੍ਰੋਵਰ ਹੋਰਾਂ ਬਹੁਤ ਹੀ ਸੁਹਣੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਰ ਕੇ ਸਭ ਦਾ ਮਨ ਮੋਹ ਲਿਆ।  

ਜ਼ਿਲ੍ਹਾ ਭਾਸ਼ਾ ਅਫ਼ਸਰ, ਗੁਰਦਾਸਪੁਰ ਡਾ. ਸੁਰੇਸ਼ ਮਹਿਤਾ ਦਾ ਅੱਜ ਦੇ ਇਸ ਸਮਾਗਮ ਲਈ ਭੇਜਿਆ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ ਤੇ ਉਨ੍ਹਾਂ ਦੀ ਸਿਹਤਯਾਬੀ ਲਈ ਸਭ ਵੱਲੋਂ ਦੁਆਵਾਂ ਕੀਤੀਆਂ ਗਈਆਂ। ਇਸ ਸਮਾਗਮ ਨੂੰ ਸਫ਼ਲਤਾ ਦੀਆਂ ਬੁਲੰਦੀਆਂ ਤੱਕ ਪਹੁੰਚਾਉਣ ਲਈ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਮਨਜੀਤ ਕੁਮਾਰੀ ਅਤੇ ਬਾਕੀ ਸਟਾਫ਼ ਮੈਂਬਰਾਂ ਦੇ ਨਾਲ ਵਿਦਿਆਰਥੀਆਂ ਵੱਲੋਂ ਵੀ ਭਰਪੂਰ ਸਹਿਯੋਗ ਦਿੱਤਾ ਗਿਆ।

ਜ਼ਿਲ੍ਹਾ ਭਾਸ਼ਾ ਦਫ਼ਤਰ, ਗੁਰਦਾਸਪੁਰ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਵੀ ਪਾਠਕਾਂ ਤੇ ਵਿਦਿਆਰਥੀਆਂ ਵਿੱਚ ਖਿੱਚ ਦਾ ਕੇਂਦਰ ਰਹੀ। ਸਮਾਗਮ ਦੇ ਅੰਤ ’ਤੇ  ਆਏ ਮਹਿਮਾਨਾਂ ਤੇ ਵਿਦਵਾਨਾਂ ਨੂੰ ਯਾਦ ਚਿੰਨ੍ਹ ਤੇ ਸਨਮਾਨ–ਪੱਤਰ ਦੇ ਕੇ ਨਿਵਾਜਿਆ ਗਿਆ। ਇਸ ਸਮਾਰੋਹ ਵਿੱਚ ਸੰਪਾਦਕ ਦੇ ਪਿਤਾ ਰਾਜੇਸ਼ ਸ਼ਰਮਾ, ਡਾ. ਗੁਰਚਰਨ ਗਾਂਧੀ, ਪ੍ਰਿੰਸੀਪਲ ਸੁਖਵੀਰ ਸਿੰਘ ਨੂਰ, ਭੁਪਿੰਦਰ ਠਾਕੁਰ, ਕੁਲਰਾਜ ਖੋਖਰ, ਜਸਵਿੰਦਰ ਅਨਮੋਲ ਹੋਰਾਂ ਵੀ ਹਾਜ਼ਰੀ ਭਰੀ। ਭਾਸ਼ਾ ਦਫ਼ਤਰ, ਗੁਰਦਾਸਪੁਰ ਤੋਂ ਸ਼ਾਮ ਸਿੰਘ, ਮਨਦੀਪ ਸਿੰਘ ਤੇ ਕਾਲਜ ਸਟਾਫ ਵਿੱਚੋਂ ਪ੍ਰੋ.ਸ਼ਿਵਾਨੀ ਠਾਕੁਰ, ਪੋ.ਗੀਤਾਂਜਲੀ, ਪ੍ਰੋ.ਰਵੀਨਾ, ਪ੍ਰੋ.ਰਿੰਪੀ, ਪ੍ਰੋ.ਹਰਸ਼ ਕੁਮਾਰ, ਪ੍ਰੋ.ਮੋਨਿਕਾ ਬਾਵਾ, ਪ੍ਰੋ.ਰਮਨਜੀਤ ਕੌਰ,ਪ੍ਰੋ. ਪ੍ਰੀਆ ਭਗਤ ਆਦਿ ਸ਼ਾਮਲ ਰਹੇ। ਲੰਬਾ ਸਮਾਂ ਚਲਿਆ ਇਹ ਸਮਾਗਮ ਬੇਹੱਦ ਸਫ਼ਲ, ਪ੍ਰਭਾਵਸ਼ਾਲੀ ਤੇ ਵਿਲੱਖਣ ਸੀ ਜਿਸ ਨੇ ਕਾਲਜ ਦੇ ਮਾਹੌਲ ਨੂੰ ਸਾਹਿਤਕ ਤੇ ਵਿਦਵਤਾ ਦੇ ਰੰਗ ਵਿੱਚ ਰੰਗ ਦਿੱਤਾ ਤੇ ਯਾਦਗਾਰੀ ਹੋ ਨਿੱਬੜਿਆ।

Tags: