ਸ਼ਹਿਰ ਵਿੱਚ ਸਿੰਗਲ ਯੂਜ ਪਲਾਸਟਿਕ ਦੀ ਵਿਕਰੀ ਅਤੇ ਵਰਤੋਂ ਉੱਪਰ ਪੂਰਨ ਤੌਰ ਤੇ ਰੋਕ ਲਗਾਉਣ ਲਈ ਕਮਿਸ਼ਨਰ ਵੱਲੋਂ ਕੀਤੀ ਗਈ ਮੀਟਿੰਗ
ਹੁਸ਼ਿਆਰਪੁਰ,4 ਅਪ੍ਰੈਲ
ਡਾ.ਅਮਨਦੀਪ ਕੌਰ, ਪੀ.ਸੀ.ਐਸ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਮਾਣਯੋਗ ਨੈਸ਼ਨਲ ਗ੍ਰੀਨ ਟ੍ਰਿਬਿਉਨਲ ਦਿੱਲੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਲਾਸਟਿਕ ਵੇਸਟ ਮੈਨੇਜਮੈਂਟ ਰੂਲਾਂ ਤਹਿਤ ਸਿੰਗਲ ਯੂਜ ਪਲਾਸਟਿਕ ਤੋਂ ਬਣੀਆਂ ਵਸਤਾਂ ਜਿਵੇਂ ਕਿ ਲਿਫਾਫੇ, ਭਾਂਡੇ, ਕਰੋਕਰੀ ਆਦਿ ਦੀ ਵਿਕਰੀ ਅਤੇ ਵਰਤੋਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ਅਤੇ ਇਸਦੀ ਵਿਕਰੀ ਅਤੇ ਵਰਤੋਂ ਕਰਦੇ ਪਾਏ ਜਾਣ ਤੇ ਜੁਰਮਾਨੇ ਦਾ ਪ੍ਰਵਧਾਨ ਕੀਤਾ ਗਿਆ ਹੈ। ਇਸੇ ਲੜੀ ਤਹਿਤ ਨਗਰ ਨਿਗਮ ਹੁਸ਼ਿਆਰਪੁਰ ਦੇ ਕਮਿਸ਼ਨਰ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਅਤੇ ਸ਼ਹਿਰ ਵਿੱਚ ਡਿਸਪੋਜਲ ਦਾ ਕੰਮ ਕਰਨ ਵਾਲੇ ਹੋਲਸੇਲਰਾਂ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਕਮਿਸ਼ਨਰ ਜੀ ਵੱਲੋਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਕਰਨ ਨਾਲ ਸ਼ਹਿਰ ਵਿੱਚ ਫੈਲ ਰਹੀ ਗੰਦਗੀ ਬਾਰੇ ਦੱਸਿਆ ਗਿਆ ਅਤੇ ਇਸਦੀ ਜਗ੍ਹਾ ਕੱਪੜੇ ਤੋਂ ਬਣੇ ਥੈਲਿਆਂ ਅਤੇ ਲਿਫਾਫਿਆਂ ਦੀ ਵਿਕਰੀ ਕਰਨ ਲਈ ਸਮੂਹ ਹੋਲਸੇਲਰਾਂ ਨੂੰ ਹਦਾਇਤ ਕੀਤੀ ਗਈ।
ਉਹਨਾਂ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਸਿੰਗਲ ਯੂਜ ਪਲਾਸਟਿਕ ਤੋਂ ਬਣੀਆਂ ਵਸਤਾਂ ਸ਼ਹਿਰ ਦੀ ਸਾਫ ਸਫਾਈ ਨੂੰ ਦਾਗ ਲਗਾਉਣ ਦਾ ਕੰਮ ਕਰਦੀਆਂ ਹਨ ਅਤੇ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਉੱਪਰ ਪਲਾਸਟਿਕ ਦੇ ਲਿਫਾਫਿਆਂ ਨਾਲ ਬਣੇ ਡੰਪ ਬਹੁਤ ਵੱਡੀ ਸਮੱਸਿਆ ਬਣ ਚੁੱਕੇ ਹਨ। ਇਸ ਲਈ ਹੁਣ ਸਮਾਂ ਆ ਚੁੱਕਾ ਹੈ ਕਿ ਪਲਾਸਟਿਕ ਤੋਂ ਬਣੇ ਲਿਫਾਫਿਆਂ ਤੋਂ ਸ਼ਹਿਰ ਨੂੰ ਆਜਾਦੀ ਦਵਾਈ ਜਾਵੇ ਤਾਂ ਜੋ ਸ਼ਹਿਰ ਸਾਫ ਸੁਥਰਾ ਰਹਿ ਸਕੇ। ਉਹਨਾਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਘਰ ਤੋਂ ਬਜਾਰ ਖਰੀਦਦਾਰੀ ਕਰਨ ਜਾਣ ਸਮੇਂ ਕੱਪੜੇ ਤੋਂ ਬਣੇ ਥੈਲੇ ਨੂੰ ਨਾਲ ਲੈ ਕੇ ਜਾਇਆ ਜਾਵੇ ਤਾਂ ਜੋ ਉਹਨਾਂ ਨੂੰ ਪਲਾਸਟਿਕ ਦੀ ਲਿਫਾਫਿਆਂ ਦੀ ਵਰਤੋਂ ਦੀ ਲੋੜ ਨਾ ਹੀ ਪਵੇ। ਇਹਨਾਂ ਗੱਲਾਂ ਉੱਪਰ ਸਮੂਹ ਡਿਸਪੋਜੇਬਲ ਹੋਲਸੇਲਰਾਂ ਵੱਲੋਂ ਸਹਿਮਤੀ ਪ੍ਰਗਟਾਈ ਗਈ ਅਤੇ ਜਲਦ ਹੀ ਸ਼ਹਿਰ ਵਿੱਚੋਂ ਪਲਾਸਟਿਕ ਦੇ ਲਿਫਾਫਿਆਂ ਨੂੰ ਖਤਮ ਕਰਨ ਦੀ ਮੁਹਿੰਮ ਵਿੱਚ ਆਪਣਾ ਸਹਿਯੋਗ ਦੇਣ ਦੀ ਗੱਲ ਆਖੀ। ਦੁਕਾਨਦਾਰਾਂ ਵੱਲੋਂ ਭਵਿੱਖ ਵਿੱਚ ਕੇਵਲ ਕੱਪੜੇ ਤੋਂ ਬਣੇ ਲਿਫਾਫਿਆਂ ਦੀ ਸਪਲਾਈ ਕਰਨ ਦੀ ਗੱਲ ਆਖੀ ਗਈ।
ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਜੇਕਰ ਸ਼ਹਿਰ ਵਿੱਚ ਕੋਈ ਵੀ ਵਿਅਕਤੀ ਜਾਂ ਦੁਕਾਨਦਾਰ ਸਿੰਗਲ ਯੂਜ ਪਲਾਸਟਿਕ ਤੋਂ ਬਣੇ ਵਸਤਾਂ ਦੀ ਵਿਕਰੀ ਜਾਂ ਵਰਤੋਂ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਪਲਾਸਟਿਕ ਵੇਸਟ ਮੈਨੇਜਮੈਂਟ ਰੂਲਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਉਸਦਾ ਨਾਮ ਨੈਸ਼ਨਲ ਗ੍ਰੀਨ ਟ੍ਰਿਬਿਉਨਲ ਨੂੰ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਲਈ ਲਿਖ ਦਿੱਤਾ ਜਾਵੇਗਾ ਅਤੇ ਨਗਰ ਨਿਗਮ ਹੁਸ਼ਿਆਰਪੁਰ ਦੀ ਟੀਮ ਵੱਲੋਂ ਹੁਣ ਰੋਜਾਨਾ ਰੂਪ ਵਿੱਚ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਪਲਾਸਟਿਕ ਦੇ ਲਿਫਾਫਿਆਂ ਸਬੰਧੀ ਚੈਕਿੰਗ ਕੀਤੀ ਜਾਵੇਗੀ।
Related Posts
Advertisement
