ਬ੍ਰਿਟਿਸ਼ ਸੰਸਦ 'ਚ ਗੂੰਜਿਆ ਜਲ੍ਹਿਆਂਵਾਲਾ ਬਾਗ ਕਾਂਡ
ਨਿਊਜ ਡੈਸਕ- ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਦੀ ਘਟਨਾ ਹਰ ਕਿਸੇ ਨੂੰ ਯਾਦ ਹੈ। ਬ੍ਰਿਟਿਸ਼ ਸਰਕਾਰ ਦੇ ਜਨਰਲ ਡਾਇਰ ਦੀਆਂ ਹਦਾਇਤਾਂ ‘ਤੇ ਨਿਹੱਥੇ ਲੋਕਾਂ ‘ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਵਿਚ 1500 ਨਿਰਦੋਸ਼ ਲੋਕਾਂ ਦੀ ਮੌਤ ਹੋ ਗਈ ਜਦਕਿ 1200 ਤੋਂ ਵੱਧ ਲੋਕ ਜ਼ਖਮੀ ਹੋ ਗਏ। ਸਾਲ 1919 ਵਿੱਚ ਵਾਪਰੀ ਇਸ ਘਟਨਾ ਦੇ 106 ਸਾਲ ਬਾਅਦ ਹੁਣ ਇਹ ਮਾਮਲਾ ਬਰਤਾਨਵੀ ਸੰਸਦ ਵਿੱਚ ਗੂੰਜ ਰਿਹਾ ਹੈ।
ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਬ੍ਰਿਟਿਸ਼ ਸੰਸਦ ਵਿੱਚ ਜਲਿਆਂਵਾਲਾ ਬਾਗ ਕਤਲੇਆਮ ਦਾ ਮੁੱਦਾ ਉਠਾਇਆ ਅਤੇ ਆਪਣੀ ਹੀ ਸਰਕਾਰ ਤੋਂ ਭਾਰਤ ਦੇ ਲੋਕਾਂ ਤੋਂ ਰਸਮੀ ਮੁਆਫੀ ਮੰਗਣ ਦੀ ਮੰਗ ਕੀਤੀ। ਇਸ ਘਟਨਾ ਨੂੰ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਦੇ ਸਭ ਤੋਂ ਕਾਲੇ ਅਧਿਆਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਫੌਜ ਦੀ ਤਰਫੋਂ ਜਨਰਲ ਡਾਇਰ ਨੇ ਆਪਣੀਆਂ ਫੌਜਾਂ ਨੂੰ ਮਾਰਚ ਕੀਤਾ ਅਤੇ ਨਿਰਦੋਸ਼ ਲੋਕਾਂ ’ਤੇ ਗੋਲੀਬਾਰੀ ਕਰਨ ਦਾ ਹੁਕਮ ਦਿੱਤਾ ਜਦੋਂ ਤੱਕ ਉਨ੍ਹਾਂ ਕੋਲ ਗੋਲਾ ਬਾਰੂਦ ਖਤਮ ਨਹੀਂ ਹੋ ਗਿਆ। ਉਸ ਕਤਲੇਆਮ ਦੇ ਅੰਤ ਵਿੱਚ 1,500 ਲੋਕ ਮਾਰੇ ਗਏ ਅਤੇ 1,200 ਜ਼ਖਮੀ ਹੋ ਗਏ।
Read Also- ਮੁਫ਼ਤ ਬਿਜਲੀ ਦੇਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਮੁਨਾਫ਼ੇ ’ਚ- ਹਰਭਜਨ ਸਿੰਘ
ਬਲੈਕਮੈਨ ਨੇ ਕਿਹਾ, ‘‘2019 ਵਿੱਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਮੰਨਿਆ ਕਿ ਇਹ ਭਾਰਤ ਵਿੱਚ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ’ਤੇ ਇਕ ਦਾਗ ਸੀ। ਪਰ ਕੀ ਅਸੀਂ ਸਰਕਾਰੀ ਸਮੇਂ ਵਿੱਚ ਕੋਈ ਬਿਆਨ ਦੇ ਸਕਦੇ ਹਾਂ? ਇਸ ਦੀ ਵਰ੍ਹੇਗੰਢ ਇਸ ਸਾਲ 13 ਅਪ੍ਰੈਲ ਨੂੰ ਹੋਵੇਗੀ, ਜਦੋਂ ਅਸੀਂ ਛੁੱਟੀਆਂ ’ਤੇ ਹਾਂ। ਤਾਂ ਕੀ ਅਸੀਂ ਸਰਕਾਰ ਤੋਂ ਇਕ ਬਿਆਨ ਲੈ ਸਕਦੇ ਹਾਂ ਜੋ ਗਲਤੀ ਨੂੰ ਸਵੀਕਾਰ ਕਰਦਾ ਹੋਵੇ ਅਤੇ ਭਾਰਤ ਦੇ ਲੋਕਾਂ ਤੋਂ ਰਸਮੀ ਤੌਰ ’ਤੇ ਮੁਆਫ਼ੀ ਮੰਗਦਾ ਹੋਵੇ।’’
ਸੰਸਦ ਵਿਚ ਇਕ ਹੋਰ ਸੰਸਦ ਮੈਂਬਰ ਨੇ ਬਲੈਕਮੈਨ ਦਾ ਇਸ ਮੁੱਦੇ ਨੂੰ ਉਠਾਉਣ ਲਈ ਧੰਨਵਾਦ ਕੀਤਾ, ਕਤਲੇਆਮ ਨੂੰ ਬ੍ਰਿਟਿਸ਼ ਬਸਤੀਵਾਦ ਦੇ ਇਤਿਹਾਸ ਵਿੱਚ ਸਭ ਤੋਂ ਬਦਨਾਮ ਅਤੇ ਸ਼ਰਮਨਾਕ ਘਟਨਾਵਾਂ ਵਿੱਚੋਂ ਇਕ ਦੱਸਿਆ।
ਜ਼ਿਕਰਯੋਗ ਹੈ ਕਿ ਇਹ ਭਾਰਤ ਦੇ ਆਜ਼ਾਦੀ ਸੰਗਰਾਮ ਦੀਆਂ ਮੁੱਖ ਘਟਨਾਵਾਂ ਵਿੱਚੋਂ ਇੱਕ ਸੀ। ਇਥੇ ਯਾਦਗਾਰੀ ਖੂਹ ਦੇ ਨਾਲ ਕੰਧ ਦਾ ਇੱਕ ਹਿੱਸਾ ਸੁਰੱਖਿਅਤ ਰੱਖਿਆ ਗਿਆ ਹੈ ਜਿਸ ਵਿੱਚ ਗੋਲੀਆਂ ਦੇ ਨਿਸ਼ਾਨ ਅਜੇ ਵੀ ਦਿਖਾਈ ਦਿੰਦੇ ਹਨ। ਕੁਝ ਲੋਕਾਂ ਨੇ ਬਚਣ ਲਈ ਖੂਹ ਵਿਚ ਛਾਲ ਮਾਰ ਦਿੱਤੀ ਸੀ।