ਅਮਰੀਕੀ ਟੈਕਸਾਂ ਦੇ ਟਾਕਰੇ ਲਈ ਸਰਗਰਮ ਹੋਇਆ ਵਣਜ ਮੰਤਰਾਲਾ
ਨਵੀਂ ਦਿੱਲੀ- ਟਰੰਪ ਪ੍ਰਸ਼ਾਸਨ ਵੱਲੋਂ ਜਵਾਬੀ ਟੈਕਸ ਲਾਉਣ ਦੇ ਐਲਾਨ ਤੋਂ ਪਹਿਲਾਂ ਕੇਂਦਰੀ ਵਣਜ ਮੰਤਰਾਲਾ ਉਨ੍ਹਾਂ ਦੇ ਟਾਕਰੇ ਲਈ ਵੱਖ ਵੱਖ ਪਹਿਲੂਆਂ ’ਤੇ ਕੰਮ ਕਰ ਰਿਹਾ ਹੈ। ਦੱਸ ਦਈਏ ਕਿ ਅਮਰੀਕੀ ਟੈਕਸਾਂ ਦਾ ਅਸਰ ਵੱਖ ਵੱਖ ਖੇਤਰਾਂ ’ਤੇ ਵੱਖੋ-ਵੱਖਰਾ ਹੋ ਸਕਦਾ ਹੈ। ਘਰੇਲੂ ਸਨਅਤਾਂ ਅਤੇ ਬਰਾਮਦਕਾਰਾਂ ਨੇ ਅਮਰੀਕਾ ਦੇ ਜਵਾਬੀ ਟੈਕਸ ਦੇ ਸੰਭਾਵੀ ਅਸਰ ’ਤੇ ਚਿੰਤਾ ਜਤਾਈ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਟੈਕਸਾਂ ਨਾਲ ਆਲਮੀ ਬਾਜ਼ਾਰ ’ਚ ਮੁਕਾਬਲੇਬਾਜ਼ੀ ਦੀ ਦੌੜ ’ਚੋਂ ਉਹ ਬਾਹਰ ਹੋ ਜਾਣਗੇ। ਅਮਰੀਕੀ ਵਪਾਰ ਪ੍ਰਤੀਨਿਧ ਦੀ ਕੌਮੀ ਵਪਾਰ ਅਨੁਮਾਨ ਰਿਪੋਰਟ-2025 ਮੁਤਾਬਕ ਭਾਰਤ ਖੇਤੀ ਵਸਤਾਂ, ਦਵਾਈਆਂ ਅਤੇ ਸ਼ਰਾਬ ਆਦਿ ਜਿਹੀਆਂ ਅਮਰੀਕੀ ਵਸਤਾਂ ’ਤੇ ਵਾਧੂ ਟੈਕਸ ਵਸੂਲਦਾ ਹੈ। ਉਸ ਵੱਲੋਂ ਗ਼ੈਰ-ਟੈਕਸ ਬੈਰੀਅਰ ਵੀ ਥੋਪੇ ਗਏ ਹਨ। ਭਾਰਤੀ ਸਨਅਤਾਂ ਅਤੇ ਸਰਕਾਰੀ ਅਧਿਕਾਰੀ ਟੈਕਸਾਂ ਦੀ ਦਰ ਬਾਰੇ ਦੁਚਿੱਤੀ ’ਚ ਹਨ।
Read Also- ਅਮਰੀਕਾ ਵੱਲੋਂ ਭਾਰਤ ਸਮੇਤ ਹੋਰ ਮੁਲਕਾਂ ’ਤੇ ਟੈਕਸਾਂ ਦਾ ਅੱਜ ਹੋਵੇਗਾ ਐਲਾਨ
ਦੱਸਣਯੋਗ ਹੈ ਕਿ ਇਹ ਪਤਾ ਨਹੀਂ ਕਿ ਟੈਕਸ ਵਸਤਾਂ, ਖੇਤਰ ਜਾਂ ਦੇਸ਼ ਪੱਧਰ ’ਤੇ ਕਿਵੇਂ ਲਾਏ ਜਾਣਗੇ। ਮੌਜੂਦਾ ਸਮੇਂ ’ਚ ਅਮਰੀਕੀ ਵਸਤਾਂ ’ਤੇ ਭਾਰਤ ’ਚ 7.7 ਫ਼ੀਸਦ ਦਾ ਵਾਧੂ ਔਸਤਨ ਟੈਕਸ ਲਗਦਾ ਹੈ ਜਦਕਿ ਅਮਰੀਕਾ ਨੂੰ ਹੋਣ ਵਾਲੇ ਭਾਰਤੀ ਬਰਾਮਦ ’ਤੇ ਸਿਰਫ਼ 2.8 ਫ਼ੀਸਦੀ ਟੈਕਸ ਲਗਦਾ ਹੈ। ਭਾਰਤੀ ਖੇਤੀ ਉਤਪਾਦਾਂ ਦੀ ਬਰਾਮਦ ’ਤੇ ਅਮਰੀਕਾ ’ਚ ਮੌਜੂਦਾ ਸਮੇਂ ’ਚ 5.3 ਫ਼ੀਸਦ ਡਿਊਟੀ ਲਗਦੀ ਹੈ ਜਦਕਿ ਅਮਰੀਕੀ ਖੇਤੀਬਾੜੀ ਵਸਤਾਂ ’ਤੇ ਭਾਰਤ ’ਚ ਕਿਤੇ ਵਧ 37.7 ਫ਼ੀਸਦ ਟੈਕਸ ਵਸੂਲਿਆ ਜਾਂਦਾ ਹੈ।
ਖੋਜ ਸੰਸਥਾ ਜੀਟੀਆਰਆਈ ਦੇ ਬਾਨੀ ਅਜੇ ਸ੍ਰੀਵਾਸਤਵ ਨੇ ਕਿਹਾ ਕਿ ਟੈਕਸ ਜਿੰਨਾ ਵਧ ਹੋਵੇਗਾ, ਉਹ ਸੈਕਟਰ ਵਧੇਰੇ ਪ੍ਰਭਾਵਿਤ ਹੋਵੇਗਾ। ਉਨ੍ਹਾਂ ਕਿਹਾ ਕਿ ਖੇਤੀ ਨਾਲ ਜੁੜੇ ਛੇ ਉਤਪਾਦਾਂ ਅਤੇ 24 ਸਨਅਤਾਂ ਹਨ ਜਿਨ੍ਹਾਂ ’ਚੋਂ ਹਰੇਕ ਨੂੰ ਵੱਖੋ ਵੱਖਰੇ ਟੈਕਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਮਰੀਕਾ ਵੱਲੋਂ ਜਵਾਬੀ ਟੈਕਸ ਲਾਏ ਜਾਣ ਤੋਂ ਇੱਕ ਦਿਨ ਪਹਿਲਾਂ ਸ਼ੇਅਰ ਬਾਜ਼ਾਰ ’ਚ ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਵੱਡੀ ਗਿਰਾਵਟ ਦਰਜ ਕੀਤੀ ਗਈ ਅਤੇ ਬੰਬੇ ਸਟਾਕ ਐਕਸਚੇਂਜ ਦਾ ਸੈਂਸੈਕਸ 1,390 ਅੰਕ ਦੇ ਨੁਕਸਾਨ ਨਾਲ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ’ਚ ਵੀ 354 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ।