ਮੈਡੀਕਲ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ‘ਚ ਅਤਿ-ਆਧੁਨਿਕ ਸਪੋਰਟਸ ਕੰਪਲੈਕਸ ਦਾ ਉਦਘਾਟਨ

ਮੈਡੀਕਲ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ‘ਚ ਅਤਿ-ਆਧੁਨਿਕ ਸਪੋਰਟਸ ਕੰਪਲੈਕਸ ਦਾ ਉਦਘਾਟਨ

ਪਟਿਆਲਾ, 23 ਫਰਵਰੀ:
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਿਖੇ ਇੱਕ ਆਧੁਨਿਕ, ਹਾਈ-ਟੈਕ ਸਪੋਰਟਸ ਕੰਪਲੈਕਸ ਦਾ ਉਦਘਾਟਨ ਕੀਤਾ। ਪੂਰੀ ਤਰ੍ਹਾਂ ਏਅਰ-ਕੰਡੀਸ਼ਨਡ ਇਸ ਸਹੂਲਤ ਵਿੱਚ ਦੋ ਅਤਿ-ਆਧੁਨਿਕ ਬੈਡਮਿੰਟਨ ਕੋਰਟ, ਟੇਬਲ ਟੈਨਿਸ ਸਹੂਲਤਾਂ ਅਤੇ ਇੱਕ ਅਤਿ-ਆਧੁਨਿਕ ਜਿਮ ਹਨ, ਜੋ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਸਮਰਪਿਤ ਕੀਤੇ ਗਏ ਹਨ।
ਨਵਾਂ ਸਪੋਰਟਸ ਕੰਪਲੈਕਸ ਨੂੰ ਮੈਡੀਕਲ ਵਿਦਿਆਰਥੀਆਂ ਨੂੰ ਸਮਰਪਿਤ ਕਰਦੇ ਹੋਏ, ਡਾ. ਬਲਬੀਰ ਸਿੰਘ ਨੇ ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਸਮੇਂ ਅਜਿਹੀਆਂ ਸਹੂਲਤਾਂ ਉਪਲਬਧ ਨਹੀਂ ਸਨ। ਉਨ੍ਹਾਂ ਨੇ ਮੈਡੀਕਲ ਪੇਸ਼ੇਵਰਾਂ ਦੇ ਜੀਵਨ ਵਿੱਚ ਖੇਡਾਂ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਿਸ ਵੇਲੇ ਪੜ੍ਹਾਈ ਬਹੁਤ ਮਹੱਤਵਪੂਰਨ ਹੁੰਦੀ ਹੈ, ਉਸ ਸਮੇਂ ਡਾਕਟਰ ਅਕਸਰ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰਦੇ ਕਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਸ਼ਾਮਲ ਹੋਣਾ ਟੀਮ ਵਰਕ, ਲੀਡਰਸ਼ਿਪ ਅਤੇ ਤਣਾਅ ਨਾਲ ਨਜਿੱਠਣ ਨੂੰ ਉਤਸ਼ਾਹਿਤ ਕਰਕੇ ਇਸ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ।
ਡਾ. ਬਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਖੇਡਾਂ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਸਿਹਤ ਸੰਭਾਲ ਅਤੇ ਸਮੁੱਚੀ ਤੰਦਰੁਸਤੀ ਨੂੰ ਬਿਹਤਰ ਬਣਾਉਣ ਦੀ ਵਚਨਬੱਧਤਾ ਨਿਭਾਈ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਜ ਦੇ ਸਿਹਤ ਖੇਤਰ ਵਿੱਚ ਬੁਨਿਆਦੀ ਢਾਂਚੇ ਦੇ ਸੁਧਾਰ ਦੇ ਨਾਲ-ਨਾਲ, ਸਰਕਾਰ ਡਾਕਟਰੀ ਪੇਸ਼ੇਵਰਾਂ ਅਤੇ ਨਾਗਰਿਕਾਂ ਲਈ ਯੋਗਾ ਇੰਸਟ੍ਰਕਟਰਾਂ ਅਤੇ ਹੋਰ ਤੰਦਰੁਸਤੀ ਸਹੂਲਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾ ਰਹੀ ਹੈ।
ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਸਵਾਗਤ ਕਰਦੇ ਹੋਏ ਦਸਿਆ ਕਿ ਇਨਡੋਰ ਕੰਪਲੈਕਸ ਦੇ ਨਾਲ-ਨਾਲ, ਕਾਲਜ ਆਪਣੇ ਖੇਡ ਮੈਦਾਨ ਦਾ ਵੀ ਨਵੀਨੀਕਰਨ ਕਰ ਰਿਹਾ ਹੈ, ਜੋ ਜਲਦੀ ਹੀ ਕ੍ਰਿਕਟ, ਫੁੱਟਬਾਲ, ਬਾਸਕਟਬਾਲ, ਵਾਲੀਬਾਲ ਅਤੇ ਲਾਅਨ ਟੈਨਿਸ ਦੇ ਮੁਕਾਬਲਿਆਂ ਲਈ ਤਿਆਰ ਹੋ ਜਾਵੇਗਾ।
ਆਈ.ਐਮ.ਏ. ਪੰਜਾਬ ਦੇ ਸਾਬਕਾ ਪ੍ਰਧਾਨ ਡਾ. ਭਗਵੰਤ ਸਿੰਘ ਨੇ ਪੇਸ਼ੇਵਰ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਖੇਡਾਂ ਸਾਨੂੰ ਹਾਰ ਬਰਦਾਸ਼ਤ ਕਰਨ ਅਤੇ ਦ੍ਰਿੜ ਰਹਿਣਾ ਸਿਖਾਉਂਦੀਆਂ ਹਨ ਅਤੇ ਇਹ ਗੁਣ ਮੈਡੀਕਲ ਦੇ ਉੱਚ-ਦਬਾਅ ਵਾਲੇ ਖੇਤਰ ਵਿੱਚ ਅਨਮੋਲ ਹੈ।
ਮੈਡੀਕਲ ਕਾਲਜ ਦੇ ਸਪੋਰਟਸ ਪ੍ਰਧਾਨ ਵਿਸ਼ਾਲ ਚੋਪੜਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਫੈਕਲਟੀ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਜਸਬੀਰ ਸਿੰਘ ਗਾਂਧੀ, ਵਾਈਸ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਮੈਡੀਕਲ ਸੁਪਰਡੈਂਟ ਡਾ. ਗਿਰੀਸ਼ ਸਾਹਨੀ, ਡਾ. ਭਗਵੰਤ ਸਿੰਘ, ਡਾ. ਪ੍ਰੀਤਕੰਵਲ, ਡਾ. ਡਿੰਪਲ ਚੋਪੜਾ, ਡਾ. ਆਨੰਦ, ਡਾ. ਰਿੰਪਲ, ਫੈਕਲਟੀ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।

Tags: