ਸਰਕਾਰੀ ਸਕੂਲਾਂ ਦੀਆਂ 20000 ਵਰਦੀਆਂ ਤਿਆਰ ਕਰਨਗੀਆਂ ਜ਼ਿਲ੍ਹੇ ਦੇ ਸਵੈ ਸਹਾਇਤਾ ਗਰੁੱਪਾਂ ਦੀਆਂ ਔਰਤਾਂ

ਸਰਕਾਰੀ ਸਕੂਲਾਂ ਦੀਆਂ 20000 ਵਰਦੀਆਂ ਤਿਆਰ ਕਰਨਗੀਆਂ ਜ਼ਿਲ੍ਹੇ ਦੇ ਸਵੈ ਸਹਾਇਤਾ ਗਰੁੱਪਾਂ ਦੀਆਂ ਔਰਤਾਂ

ਮਾਲੇਰਕੋਟਲਾ 23 ਫਰਵਰੀ :

                    ਪਹਿਲੇ ਸਾਲ ਦੀ ਅਪਾਰ ਸਫ਼ਲਤਾ ਤੋਂ ਬਾਅਦ ਜ਼ਿਲ੍ਹੇ ਵਿੱਚ ' ਪਹਿਲ ' ਪ੍ਰੋਜੈਕਟ ਦੇ ਦੂਜੇ ਪੜਾਅ ਦੀ ਸ਼ੁਰੂਆਤ ਹੋ ਗਈ ਹੈ। ਇਸ ਪ੍ਰੋਜੈਕਟ ਤਹਿਤ 20,000 ਸਕੂਲਾਂ ਦੇ ਵਿਦਿਆਰਥੀਆਂ ਦੀਆਂ ਵਰਦੀਆਂ ਨੂੰ ਤਿਆਰ ਕਰਨ ਦਾ ਕੰਮ ਸਵੈ ਸਹਾਇਤਾ ਗਰੁੱਪਾਂ ਨੂੰ ਸੌਂਪਿਆ ਗਿਆ ਹੈ । ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਨਵਦੀਪ ਕੌਰ ਨੇ ਬਲਾਕ ਮਲੇਰਕੋਟਲਾ ਦੇ ਪਿੰਡ ਸੰਦੋੜ ਵਿਖੇ ਪੰਜਾਬ ਰਾਜ ਦਿਹਾਤੀ ਆਜਿਵਕਾ ਮਿਸ਼ਨ ਤਹਿਤ ਸਵੈ ਸਹਾਇਤਾ ਸਮੂਹ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਵਰਦੀਆਂ ਦਾ ਜਾਇਜਾ ਲੈਣ ਮੌਕੇ ਕੀਤਾ ।

                   ਉਹਨਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਜਿਲ੍ਹੇ ਵਿੱਚ ' ਪਹਿਲ ' ਪ੍ਰੋਜੈਕਟ  2024 ਵਿੱਚ ਲਾਗੂ ਕੀਤਾ ਗਿਆ ਸੀ।ਜਿਸ ਦੇ ਅੰਤਰਗਤ ਬਲਾਕ ਅਮ੍ਰਿਤ ਸੀ.ਐਲ.ਐਫ. ਅਮਰਗੜ ਪਿੰਡ ਬਾਗੜੀਆਂ ਵਿਖੇ ' ਪਹਿਲ ' ਪ੍ਰੋਜੈਕਟ  ਸੈਂਟਰ ਸਥਾਪਿਤ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਅਤੇ ਪ੍ਰੀ ਪ੍ਰਾਇਮਰੀ ਸਕੂਲਾਂ ਦੀਆਂ ਲਗਭਗ 10,000 ਵਰਦੀਆਂ ਦਾ ਆਰਡਰ ' ਪਹਿਲ ' ਪ੍ਰੋਜੈਕਟ  ਤਹਿਤ ਤਿਆਰ ਕਰਨ ਲਈ ਮਿਲਿਆ ਸੀ ਜੋ ਕਿ ਸੰਗਰੂਰ ਵਲੋਂ ਤਿਆਰ ਕਰਵਾ ਕੇ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ ਭੇਜੀਆਂ ਗਈਆਂ ਸਨ ।

                 ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਇਸ ਵਾਰ ਪੰਜਾਬ ਸਰਕਾਰ ਵੱਲੋਂ ਜਿਲ੍ਹੇ ਨੂੰ 20,000 ਸਕੂਲੀ ਵਰਦੀਆਂ ਦਾ ਟੀਚਾ ਦਿੱਤਾ ਗਿਆ ਹੈ। ਜਿਸ ਸਬੰਧੀ 240 ਸਕੂਲਾਂ ਤੋਂ ਆਰਡਰ ਸਿੱਖਿਆ ਵਿਭਾਗ ਪਾਸੋਂ ਪ੍ਰਾਪਤ ਹੋਇਆ ਹੈ। ਜਿਸ ਨਾਲ ਸੈਲਫ ਹੈਲਪ ਗਰੁੱਪਾਂ ਦੀਆਂ ਲਗਭਗ 150 ਔਰਤਾਂ ਨੂੰ ਰੁਜਗਾਰ ਮਿਲੇਗਾ ਅਤੇ ਪ੍ਰਤੀ ਵਰਦੀ 60 ਰੁਪਏ ਸਿਲਾਈ ਦਿੱਤੀ ਜਾਵੇਗੀ ।

Tags: