ਯੁੱਧ ਨਸ਼ਿਆਂ ਵਿਰੁੱਧ: ਸੰਗਰੂਰ ਵਿੱਚ ਨਸ਼ਾ ਤਸਕਰਾਂ ਦੁਆਰਾ ਬਣਾਈਆਂ 2 ਨਜਾਇਜ਼ ਉਸਾਰੀਆਂ ਬੁਲਡੋਜ਼ਰ ਨਾਲ ਢਾਹੀਆਂ

ਯੁੱਧ ਨਸ਼ਿਆਂ ਵਿਰੁੱਧ: ਸੰਗਰੂਰ ਵਿੱਚ ਨਸ਼ਾ ਤਸਕਰਾਂ ਦੁਆਰਾ ਬਣਾਈਆਂ 2 ਨਜਾਇਜ਼ ਉਸਾਰੀਆਂ ਬੁਲਡੋਜ਼ਰ ਨਾਲ ਢਾਹੀਆਂ


ਸੰਗਰੂਰ/ਚੰਡੀਗੜ੍ਹ, 18 ਮਾਰਚ:


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਸਖ਼ਤ ਹਦਾਇਤਾਂ 'ਤੇ ਨਸ਼ਾ ਤਸਕਰਾਂ ਖਿਲਾਫ਼ ਸੂਬੇ ਵਿੱਚ ਵਿੱਢੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਪੁਲਿਸ ਵੱਲੋਂ ਸਾਂਝੀ ਕਾਰਵਾਈ ਕਰਦੇ ਹੋਏ ਸੰਗਰੂਰ ਸ਼ਹਿਰ ਦੀ ਰਾਮ ਨਗਰ ਬਸਤੀ ਵਿਖੇ ਨਸ਼ਾ ਤਸਕਰਾਂ ਦੁਆਰਾ ਬਣਾਈਆਂ ਗਈਆਂ 2 ਨਜਾਇਜ਼ ਉਸਾਰੀਆਂ ਨੂੰ ਬੁਲਡੋਜ਼ਰ ਨਾਲ ਢਾਹੁਣ ਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਗਈ।ਇਸ ਮੁਹਿੰਮ ਦੀ ਅਗਵਾਈ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਤੇ ਐਸ.ਡੀ.ਐਮ ਚਰਨਜੋਤ ਸਿੰਘ ਵਾਲੀਆ ਨੇ ਕੀਤੀ ਜਦਕਿ ਇਸ ਦੌਰਾਨ ਐਸ.ਪੀ ਨਵਰੀਤ ਸਿੰਘ ਵਿਰਕ, ਡੀ.ਐਸ.ਪੀ ਸੁਖਦੇਵ ਸਿੰਘ ਅਤੇ ਤਹਿਸੀਲਦਾਰ ਵਿਸ਼ਵਜੀਤ ਸਿੰਘ, ਸਹਾਇਕ ਟਾਊਨ ਪਲਾਨਰ ਸੁਸ਼ੀਲ ਕੁਮਾਰ, ਨਾਇਬ ਤਹਿਸੀਲਦਾਰ ਬਲਜਿੰਦਰ ਸਿੰਘ ਵੀ ਮੌਜੂਦ ਸਨ।

ਇਸ ਮੌਕੇ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਨਸ਼ਾ ਤਸਕਰਾਂ ਦਾ ਮੁਕੰਮਲ ਸਫਾਇਆ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ਨੂੰ ਜ਼ਿਲ੍ਹਾ ਸੰਗਰੂਰ ਵਿੱਚ ਸਫ਼ਲਤਾ ਨਾਲ ਲਾਗੂ ਕਰਦੇ ਹੋਏ ਅੱਜ ਬੁਲਡੋਜ਼ਰ ਨਾਲ ਨਜ਼ਾਇਜ਼ ਇਮਾਰਤਾਂ ਢਾਹੁਣ ਦੀ ਪ੍ਰਸ਼ਾਸਨ ਵੱਲੋਂ ਇਹ ਦੂਜੀ ਕਾਰਵਾਈ ਕੀਤੀ ਗਈ ਹੈ ਅਤੇ ਅਸੀਂ ਨਸ਼ਿਆਂ ਦਾ ਕਾਲਾ ਕਾਰੋਬਾਰ ਕਰਨ ਵਾਲੇ ਹਰੇਕ ਗੈਰ ਸਮਾਜਿਕ ਅਨਸਰ ਨੂੰ ਇਹ ਸਖ਼ਤ ਚਿਤਾਵਨੀ ਦਿੰਦੇ ਹਾਂ ਕਿ ਉਹ ਅਜਿਹੇ ਮਾੜੇ ਧੰਦਿਆਂ ਨੂੰ ਬੰਦ ਕਰ ਦੇਣ ਨਹੀਂ ਤਾਂ ਇਸ ਦਾ ਅੰਜਾਮ ਬੁਰਾ ਨਿਕਲੇਗਾ। ਐਸ.ਐਸ.ਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖੀ ਗਈ ਅਤੇ ਨਗਰ ਕੌਂਸਲ ਰਾਹੀਂ ਇਨ੍ਹਾਂ ਨਜਾਇਜ਼ ਇਮਾਰਤਾਂ ਨੂੰ ਢਾਹੁਣ ਦੀ ਕਾਰਵਾਈ ਕੀਤੀ ਗਈ।

ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਅੱਜ ਜਿਹੜੀਆਂ ਦੋ ਨਜਾਇਜ਼ ਉਸਾਰੀਆਂ 'ਤੇ ਕਾਰਵਾਈ ਕੀਤੀ ਗਈ ਹੈ ਉਨ੍ਹਾਂ ਵਿੱਚੋਂ ਇੱਕ ਵਿੱਚ ਰਹਿੰਦੇ ਰਾਜਪਾਲ ਸਿੰਘ ਤੇ ਰਾਜਵਿੰਦਰ ਕੌਰ ਖਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ ਕ੍ਰਮਵਾਰ 7 ਅਤੇ 4 ਪੁਲਿਸ ਕੇਸ ਦਰਜ ਹਨ ਅਤੇ ਜਦਕਿ ਦੂਜੇ ਮਕਾਨ ਵਿੱਚ ਰਹਿੰਦੀ ਲੱਖੋ ਨਾਂ ਦੀ ਮਹਿਲਾ ਖਿਲਾਫ਼ ਐਨਡੀਪੀਐਸ ਤਹਿਤ 4 ਕੇਸ ਦਰਜ ਹਨ।ਇਸੇ ਦੌਰਾਨ ਮੌਕੇ 'ਤੇ ਮੌਜੂਦ ਐਸ.ਡੀ.ਐਮ ਚਰਨਜੋਤ ਸਿੰਘ ਵਾਲੀਆ ਨੇ ਦੱਸਿਆ ਕਿ ਸਰਕਾਰੀ ਜ਼ਮੀਨ 'ਤੇ ਨਜ਼ਾਇਜ਼ ਕਬਜ਼ੇ ਤੇ ਉਸਾਰੀਆਂ ਕਰਨ ਵਾਲਿਆਂ ਨੂੰ ਬਖਸਿ਼ਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ ਅੱਜ ਪੁਲਿਸ ਦੇ ਸਹਿਯੋਗ ਨਾਲ ਇਹ ਸਖ਼ਤ ਕਾਰਵਾਈ ਕਰਦੇ ਹੋਏ ਸਪੱਸ਼ਟ ਸੰਕੇਤ ਦਿੱਤਾ ਗਿਆ ਹੈ ਕਿ ਪੰਜਾਬ ਵਿੱਚੋਂ ਨਸ਼ਾ ਤਸਕਰਾਂ ਦਾ ਮੁਕੰਮਲ ਖਾਤਮਾ ਕਰਨ ਲਈ ਪ੍ਰਸ਼ਾਸਨ ਤੇ ਪੁਲਿਸ ਵਚਨਬੱਧ ਹੈ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Tags: