ਰਜਿਸਟਰਡ ਉਸਾਰੀ ਕਿਰਤੀ ਪਰਿਵਾਰਕ ਮੈਂਬਰਾਂ ਸਮੇਤ 5 ਲੱਖ ਰੁਪਏ ਤੱਕ ਦੀ ਮੁਫਤ ਮੈਡੀਕਲ ਸਹਾਇਤਾ ਲੈਣ ਦੇ ਯੋਗ: ਸੌਂਦ

ਰਜਿਸਟਰਡ ਉਸਾਰੀ ਕਿਰਤੀ ਪਰਿਵਾਰਕ ਮੈਂਬਰਾਂ ਸਮੇਤ 5 ਲੱਖ ਰੁਪਏ ਤੱਕ ਦੀ ਮੁਫਤ ਮੈਡੀਕਲ ਸਹਾਇਤਾ ਲੈਣ ਦੇ ਯੋਗ: ਸੌਂਦ

ਚੰਡੀਗੜ੍ਹ. 5 ਮਾਰਚ:

ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਜਾਣਕਾਰੀ ਦਿੱਤੀ ਹੈ ਕਿ ਰਜਿਸਟਰਡ ਉਸਾਰੀ ਕਿਰਤੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਬੀਮਾ ਯੋਜਨਾ ਸਕੀਮ ਅਧੀਨ 5 ਲੱਖ ਤੱਕ ਦੀ ਮੁਫਤ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
 
ਉਨ੍ਹਾਂ ਦੱਸਿਆ ਕਿ ਇਹ ਮੈਡੀਕਲ ਸਹਾਇਤਾ ਕਿਸੇ ਵੀ ਐਮਪੈਨਲਡ ਹਸਪਤਾਲ ਵਿੱਚ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਸਕੀਮ ਦਾ ਲਾਭ ਲੈਣ ਲਈ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਆਯੂਸ਼ਮਾਨ ਕਾਰਡ ਬਣਾਉਣਾ ਪੈਂਦਾ ਹੈ। ਇਹ ਕਾਰਡ ਹਰੇਕ ਸਰਕਾਰੀ ਹਸਪਤਾਲ ਵਿੱਚ ਬਣਦਾ ਹੈ। ਉਨ੍ਹਾਂ ਕਿਹਾ ਕਿ ਰਜਿਸਟਰਡ ਉਸਾਰੀ ਕਿਰਤੀ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਜਾ ਕੇ ਆਪਣਾ ਆਯੂਸ਼ਮਾਨ ਕਾਰਡ ਬਣਾ ਸਕਦਾ ਹੈ ਅਤੇ ਆਯੂਸ਼ਮਾਨ ਮੁੱਖ ਮੰਤਰੀ ਬੀਮਾ ਯੋਜਨਾ ਸਕੀਮ ਅਧੀਨ ਮਿਲਣ ਵਾਲੇ ਵਿੱਤੀ ਲਾਭ ਦਾ ਫਾਇਦਾ ਉਠਾ ਸਕਦਾ ਹੈ।
 
ਉਨ੍ਹਾਂ ਦੱਸਿਆ ਕਿ ਪੰਜਾਬ ਉਸਾਰੀ ਕਿਰਤੀਆਂ ਦੀ ਭਲਾਈ ਲਈ ਸਰਕਾਰ ਵੱਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰ ਵੈਲਫੇਅਰ ਬੋਰਡ ਦਾ ਗਠਨ ਕੀਤਾ ਹੋਇਆ ਹੈ । ਕੋਈ ਵੀ ਉਸਾਰੀ ਕਿਰਤੀ ਜਿਸ ਦੀ ਉਮਰ 18-60 ਸਾਲ ਦੇ ਵਿਚਕਾਰ ਹੋਵੇ ਤੇ ਉਸ ਵੱਲੋਂ ਪੰਜਾਬ ਵਿੱਚ ਪਿਛਲੇ ਇੱਕ ਸਾਲ ਵਿੱਚ ਘੱਟੋ-ਘੱਟ 90 ਦਿਨ ਬਤੌਰ ਉਸਾਰੀ ਮਜ਼ਦੂਰ ਵੱਜੋਂ ਕੰਮ ਕੀਤਾ ਹੋਵੇ, ਉਹ ਬਤੌਰ ਲਾਭਪਾਤਰੀ ਰਜਿਸਟਰਡ ਹੋ ਸਕਦਾ ਹੈ।
 
ਕਿਰਤ ਮੰਤਰੀ ਨੇ ਦੱਸਿਆ ਕਿ ਇਹ ਰਜਿਸਟਰੇਸ਼ਨ ਕਿਸੇ ਵੀ ਸੇਵਾ ਕੇਂਦਰ ਵਿੱਚ ਜਾ ਕੇ ਜਾਂ ਕਿਰਤੀ ਸਹਾਇਕ ਐਪ ਰਾਹੀਂ ਲੋੜੀਂਦੇ ਦਸਤਾਵੇਜਾਂ ਸਮੇਤ 145 ਰੁਪਏ ਸਾਲਾਨਾ ਫੀਸ ਜਮ੍ਹਾਂ ਕਰਵਾਕੇ ਅਪਲਾਈ ਕੀਤੀ ਜਾ ਸਕਦੀ ਹੈ। ਰਜਿਸਟਰਡ ਉਸਾਰੀ ਕਿਰਤੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਪਰੋਕਤ ਸਿਹਤ ਬੀਮਾ ਯੋਜਨਾ ਸਕੀਮ ਅਧੀਨ 5 ਲੱਖ ਤੱਕ ਦੀ ਮੁਫਤ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
Tags: