ਯੁੱਧ ਨਸ਼ਿਆਂ ਵਿਰੁੱਧ: ਵਿਧਾਇਕ ਉੱਗੋਕੇ ਨੇ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦਾ ਦਿੱਤਾ ਸੱਦਾ

ਯੁੱਧ ਨਸ਼ਿਆਂ ਵਿਰੁੱਧ: ਵਿਧਾਇਕ ਉੱਗੋਕੇ ਨੇ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦਾ ਦਿੱਤਾ ਸੱਦਾ

ਤਪਾ, 12 ਮਾਰਚ
      ਯੂਨੀਵਰਸਿਟੀ ਕਾਲਜ ਢਿੱਲਵਾਂ ਵੱਲੋਂ ਪਿੰਡ ਉੱਗੋਕੇ ਵਿੱਚ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਲਾਇਆ ਗਿਆ ਜਿਸ ਦਾ ਉਦਘਾਟਨ ਵਿਧਾਇਕ ਸ. ਲਾਭ ਸਿੰਘ ਉੱਗੋਕੇ ਵਲੋਂ ਕੀਤਾ ਗਿਆ।
  ਇਸ ਮੌਕੇ ਉਨ੍ਹਾਂ ਕਾਲਜ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਅੰਦਰ ਹੱਥੀਂ ਕੰਮ ਕਰਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਮਾਜ ਤੇ ਮਾਨਵਤਾ ਸਾਹਮਣੇ ਖੜ੍ਹੀਆਂ ਵੰਗਾਰਾਂ ਪ੍ਰਤੀ ਨੌਜਾਵਾਨਾਂ ਨੂੰ ਜਾਗਰੂਕ ਹੁੰਦੇ ਨਰੋਏ ਸਮਾਜ ਦੀ ਉਸਾਰੀ ਪ੍ਰਤੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਨੌਜਵਾਨ ਜਿੱਥੇ ਨਸ਼ਿਆਂ ਤੋਂ ਦੂਰ ਰਹਿ ਕੇ ਕਿਤਾਬਾਂ ਨਾਲ ਸਾਂਝ ਪਾਉਣ, ਓਥੇ ਬਾਕੀਆਂ ਲਈ ਵੀ ਪ੍ਰੇਰਨਾ ਬਣਨ।
   ਉਨ੍ਹਾਂ ਕੌਮੀ ਸੇਵਾ ਯੋਜਨਾ ਦੇ ਕੈਂਪਾਂ ਦੀ ਅਹਿਮੀਅਤ ਬਾਰੇ ਦੱਸਦਿਆਂ ਕਿਹਾ ਕਿ ਵਿਦਿਆਰਥੀਆਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਅਤੇ ਚਰਿੱਤਰ ਨਿਰਮਾਣ ਕਰਨ ਵਿਚ ਅਜਿਹੇ ਕੈਂਪ ਵੱਡੀ ਭੂਮਿਕਾ ਨਿਭਾਉਂਦੇ ਹਨ।
   ਕਾਲਜ ਦੇ ਪ੍ਰਿੰਸੀਪਲ ਡਾ. ਲਖਵਿੰਦਰ ਸਿੰਘ ਰੱਖੜਾ ਵੱਲੋਂ ਭਾਈਚਾਰਕ ਸਾਂਝ, ਡਿਜੀਟਲ ਸਾਖਰਤਾ ਅਤੇ ਨੈਤਿਕ ਲੀਡਰਸ਼ਿਪ ਰਾਹੀਂ ਸਮਾਜਿਕ ਤਬਦੀਲੀ ਲਿਆਉਣ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਬਾਰੇ ਦੱਸਿਆ।
ਕੈਂਪ ਵਿਚ ਸ਼ਿਰਕਤ ਕਰਕੇ ਐਸ ਐੱਚ ਓ ਨਿਰਮਲ ਸਿੰਘ ਨੇ ਵਿਦਿਆਰਥੀਆਂ ਵਿੱਚ ਸੇਵਾ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀਆਂ ਕਦਰਾਂ-ਕੀਮਤਾਂ ਪੈਦਾ ਕਰਨ ਲਈ ਯੂਨੀਵਰਸਿਟੀ ਕਾਲਜ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ।
    ਇਸ ਮੌਕੇ ਵਿਦਿਆਰਥੀਆਂ ਵਲੋਂ ਨਾਟਕ ਮੰਡਲੀ 'ਰੈੱਡ ਆਰਟਸ' ਦੀ ਟੀਮ ਅਤੇ ਪਿੰਡਾਂ ਦੇ ਸਰਪੰਚਾਂ ਤੇ ਪਤਵੰਤਿਆਂ ਦੇ ਸਹਿਯੋਗ ਨਾਲ ਪਿੰਡ ਢਿੱਲਵਾਂ,  ਸੁਖਪੁਰਾ ਮੌੜ, ਨਾਭਾ ਮੌੜ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨੁੱਕੜ ਨਾਟਕ ਖੇਡੇ ਗਏ।    
   ਇਸ ਮੌਕੇ ਪਿੰਡ ਢਿੱਲਵਾਂ ਵਿੱਚ ਨਸ਼ੇ ਛੱਡੋ ਕੋਹੜ ਵੱਡੋ ਜਾਗਰੂਕਤ ਵੀ ਰੈਲੀ ਕੱਢੀ ਗਈ। ਇਸ ਤੋਂ ਇਲਾਵਾ ਐਨ.ਐੱਸ.ਐੱਸ ਵਾਲੰਟੀਅਰਜ਼ ਵੱਲੋਂ ਪਿੰਡਾਂ ਦੇ ਚੌਂਕਾਂ, ਸੁਸਾਇਟੀਆਂ ਤੇ ਸਕੂਲਾਂ ਦੀ ਸਫਾਈ ਕੀਤੀ ਗਈ।
     ਸਮਾਪਤੀ ਵਾਲੇ ਦਿਨ ਪ੍ਰਸਿੱਧ ਅਦਾਕਾਰ ਅਤੇ ਲੇਖਕ ਬਲਵਿੰਦਰ ਬੁੱਲਟ ਵਲੋਂ ਆਪਣੇ ਜ਼ਿੰਦਗੀ ਦੇ ਨਿੱਜੀ ਤਜਰਬੇ ਸਾਂਝੇ ਕੀਤੇ ਗਏ ਅਤੇ ਸਾਈਬਰ ਸੁਰੱਖਿਆ ਦੀਆਂ ਚੁਣੌਤੀਆਂ ਨਾਲ ਨਜਿੱਠਣ ਬਾਰੇ ਜਾਣਕਾਰੀ ਦਿੱਤੀ ਗਈ।
  ਕਾਲਜ ਦੇ ਪ੍ਰਿੰਸੀਪਲ ਵੱਲੋਂ ਐਮ.ਐਲ.ਏ ਲਾਭ ਸਿੰਘ ਉੱਗੋਕੇ ਦਾ ਸਨਮਾਨ ਕੀਤਾ ਗਿਆ ਅਤੇ ਧੰਨਵਾਦ ਕੀਤਾ ਗਿਆ। ਇਹ ਕੈਂਪ ਐੱਨ.ਐੱਸ.ਐੱਸ ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਜਗਦੀਪ ਸਿੰਘ ਦੇ ਸਹਿਯੋਗ ਨਾਲ ਕਰਾਇਆ ਗਿਆ।
   ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਮਨਜੀਤ ਸਿੰਘ ਦੁਆਰਾ ਨਿਭਾਈ ਗਈ। ਇਸ ਮੌਕੇ  ਪ੍ਰੋ . ਰਮਨਦੀਪ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ (ਸਰੀਰਕ ਸਿੱਖਿਆ), ਪ੍ਰੋ. ਸਵਰਨ ਕੌਰ, ਪ੍ਰੋ. ਮਨਪ੍ਰੀਤ ਸਿੰਘ (ਸਮਾਜ ਵਿਗਿਆਨ),ਪ੍ਰੋ. ਕਮਲਜੀਤ ਕੌਰ, ਪ੍ਰੋ. ਸੁਖਪਾਲ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।

Tags: