ਮਹਾਂਸ਼ਿਵਰਾਤਰੀ ਦੇ ਮੌਕੇ ਵਿਧਾਇਕ ਡਾਕਟਰ ਗੁਪਤਾ ਅਤੇ ਡਿਪਟੀ ਕਮਿਸ਼ਨਰ ਪੁੱਜੇ ਕੁਸ਼ਟ ਆਸ਼ਰਮ
ਅੰਮ੍ਰਿਤਸਰ 26 ਫਰਵਰੀ 2025---
ਅੱਜ ਮਹਾਂਸ਼ਿਵਰਾਤਰੀ ਦੇ ਮੌਕੇ ਕੇਂਦਰੀ ਹਲਕੇ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਕੁਸ਼ਟ ਆਸ਼ਰਮ ਝਬਾਲ ਰੋਡ ਵਿਖੇ ਗਏ ਜਿਥੇ ਉਨਾਂ ਨੇ ਮੰਦਰ ਵਿਖੇ ਮੱਥਾ ਟੇਕਿਆ ਅਤੇ ਕੁਸ਼ਟ ਆਸ਼ਰਮ ਨੂੰ ਰੈਡ ਕਰਾਸ ਅਤੇ ਉਪਲ ਨਿਊਰੋ ਹਸਪਤਾਲ ਦੇ ਸਹਿਯੋਗ ਨਾਲ ਇੱਕ ਈ ਰਿਕਸ਼ਾ ਭੇਂਟ ਕੀਤੀ।
ਇਸ ਮੌਕੇ ਵਿਧਾਇਕ ਡਾਕਟਰ ਗੁਪਤਾ ਨੇ ਕੁਸ਼ਟ ਆਸ਼ਰਮ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਰੈਡ ਕ੍ਰਾਸ ਵੱਲੋਂ ਉਪਲ ਨਿਊਰੋ ਹਸਪਤਾਲ ਦੇ ਸਹਿਯੋਗ ਨਾਲ ਕੁਸਟ ਆਸ਼ਰਮ ਨੂੰ ਇੱਕ ਈ ਰਿਕਸ਼ਾ ਦਿੱਤੀ ਗਈ ਹੈ। ਇਸ ਰਿਕਸ਼ਾ ਨਾਲ ਉਹਨਾਂ ਨੂੰ ਸ਼ਹਿਰ ਤੋਂ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਜਾਣ ਆਉਣ ਦੀ ਸਹੂਲਤ ਹੋਵੇਗੀ ਅਤੇ ਉਹ ਆਪਣੇ ਰੋਜਾਨਾ ਦੀਆਂ ਵਸਤਾਂ ਵੀ ਸ਼ਹਿਰ ਦੇ ਭੀੜ ਵਾਲ਼ੇ ਇਲਾਕੇ ਚੋਂ ਖਰੀਦ ਸਕਣਗੇ।
ਕੁਸ਼ਟ ਆਸ਼ਰਮ ਵੱਲੋਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਕੁਸਟ ਆਸ਼ਰਮ ਵਿਖੇ ਸੀਵਰੇਜ ਦੀ ਸਮੱਸਿਆ ਕਾਫੀ ਪੁਰਾਣੇ ਸਮੇਂ ਤੋਂ ਚੱਲ ਰਹੀ ਹੈ ਅਤੇ ਬਰਸਾਤਾਂ ਦੇ ਦਿਨਾਂ ਦੌਰਾਨ ਕਾਫੀ ਪਾਣੀ ਕੁਸਟ ਆਸ਼ਰਮ ਵਿਖੇ ਇਕੱਠਾ ਹੋ ਜਾਂਦਾ ਹੈ, ਜਿਸ ਨਾਲ ਇਥੇ ਰਹਿ ਰਹੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਜਲਦ ਹੀ ਇਸ ਦਾ ਐਸਟੀਮੇਟ ਤਿਆਰ ਕਰਾ ਕੇ ਸੀਵਰੇਜ ਦੀ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਕੀਤਾ ਜਾਵੇਗਾ। ਵਿਧਾਇਕ ਡਾਕਟਰ ਅਜੇ ਗੁਪਤਾ ਅਤੇ ਡਿਪਟੀ ਕਮਿਸ਼ਨਰ ਵੱਲੋਂ ਮਹਾਂ ਸ਼ਿਵਰਾਤਰੀ ਮੌਕੇ ਸ਼ਹਿਰ ਵਾਸੀਆਂ ਨੂੰ ਵਧਾਈ ਵੀ ਦਿੱਤੀ ਗਈ ਅਤੇ ਕੁਸਟ ਆਸ਼ਰਮ ਵਿਖੇ ਸਥਿਤ ਮੰਦਿਰ ਵਿਖੇ ਮੱਥਾ ਵੀ ਟੇਕਿਆ। ਇਸ ਦੌਰਾਨ ਕੁਸਟ ਆਸ਼ਰਮ ਦੇ ਪ੍ਰਬੰਧਕਾਂ ਵੱਲੋਂ ਡਿਪਟੀ ਕਮਿਸ਼ਨਰ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕੁਸ਼ਟ ਆਸ਼ਰਮ ਦੇ ਪ੍ਰਬੰਧਕ ਸ੍ਰੀ ਜੋਗਿੰਦਰ ਰਾਏ ਸਕੱਤਰ ਰੈਡ ਕ੍ਰਾਸ ਸੋਸਾਇਟੀ ਸ਼੍ਰੀ ਸੈਮਸਨ ਮਸੀਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਹਾਜ਼ਰ ਸਨ