ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਐਨਸੀਡੀਸੀ ਦੀ ਰਾਜ ਸ਼ਾਖਾ ਦੀ ਸਥਾਪਨਾ ਲਈ ਮਾਨਾਵਾਲਾ ਦੀ ਚੋਣ ‘ਤੇ ਸਿਹਤ ਮੰਤਰੀ ਦਾ ਧੰਨਵਾਦ
ਚੰਡੀਗੜ੍ਹ, 25 ਫਰਵਰੀ
ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਆਪਣੇ ਵਿਧਾਨ ਸਭਾ ਹਲਕੇ ਜੰਡਿਆਲਾ ਗੁਰੂ ਦੇ ਪਿੰਡ ਮਾਨਾਵਾਲਾ ਨੂੰ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐਨਸੀਡੀਸੀ) ਦੀ ਸਟੇਟ ਬ੍ਰਾਂਚ ਲਈ ਸਥਾਨ ਵਜੋਂ ਚੁਣਨ ਲਈ ਸੂਬੇ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਮਾਨਾਵਾਲਾ ਵਿਖੇ ਰਾਜ ਸ਼ਾਖਾ ਸਥਾਪਤ ਕਰਨ ਲਈ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐਨਸੀਡੀਸੀ), ਨਵੀਂ ਦਿੱਲੀ ਨਾਲ ਬੀਤੇ ਦਿਨ ਇੱਕ ਸਮਝੌਤਾ ਪੱਤਰ ਉੱਤੇ ਹਸਤਾਖਰ ਕੀਤੇ ਗਏ ਹਨ।
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ, “ਮੈਂ ਬਹੁਤ ਖੁਸ਼ ਹਾਂ ਕਿ ਸਾਡੀ ਸਰਕਾਰ ਸਾਡੇ ਨਾਗਰਿਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਪਹਿਲ ਦੇ ਰਹੀ ਹੈ”। ਉਨ੍ਹਾਂ ਕਿਹਾ ਕਿ ਮਾਨਾਵਾਲਾ ਵਿੱਚ ਇਸ ਸਿਹਤ ਸਹੂਲਤ ਦੀ ਸਥਾਪਨਾ ਨਾਲ ਇਲਾਕ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ ਅਤੇ ਇਸ ਰਾਹੀਂ ਉਨ੍ਹਾਂ ਨੂੰ ਮਿਆਰੀ ਸਿਹਤ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕੀਤੀ ਜਾਵੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਹਿਮਤੀ ਪੱਤਰ ਦਾ ਉਦੇਸ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਉਲੀਕੀ ਗਈ 'ਸਿਹਤ ਕ੍ਰਾਂਤੀ' ਪਹਿਲਕਦਮੀ ਤਹਿਤ ਰੋਗ ਨਿਯੰਤਰਣ ਮਾਹਿਰਾਂ ਨੂੰ ਸਿੱਧੇ ਤੌਰ 'ਤੇ ਪੰਜਾਬ ਰਾਜ ਵਿੱਚ ਪੇਸ਼ ਕਰਨਾ ਹੈ। ਇਹ ਭਾਈਵਾਲੀ ਏਕੀਕ੍ਰਿਤ ਰੋਗ ਨਿਗਰਾਨੀ ਗਤੀਵਿਧੀਆਂ ਨੂੰ ਮਜ਼ਬੂਤ ਕਰਨ, ਫੈਲਣ ਵਾਲੀਆਂ ਬਿਮਾਰੀਆਂ ਵਿਰੁੱਧ ਤਿਆਰੀਆਂ ਨੂੰ ਵਧਾਉਣ ਅਤੇ ਅਜਿਹੀਆਂ ਆਫ਼ਤਾਂ ਨੂੰ ਤੇਜ਼ੀ ਨਾਲ ਨਿਜਿੱਠਣ ਦੇ ਨਾਲ-ਨਾਲ ਸਿਹਤ ਕਰਮਚਾਰੀਆਂ ਲਈ ਲੋੜੀਂਦੀ ਸਹਾਇਤਾ ਅਤੇ ਸਮਰੱਥਾ ਨਿਰਮਾਣ ਪ੍ਰਦਾਨ ਕਰਨ ਵਿੱਚ ਵੀ ਸਹਾਈ ਹੋਵੇਗੀ।
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਗੇ ਕਿਹਾ ਕਿ ਉਹ ਇਸ ਪ੍ਰੋਜੈਕਟ ਨੂੰ ਹਕੀਕਤ ਬਣਾਉਣ ਲਈ ਸਿਹਤ ਮੰਤਰੀ ਡਾ: ਬਲਬੀਰ ਸਿੰਘ ਅਤੇ ਸਮੁੱਚੇ ਸਿਹਤ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਾ ਹਨ। ਉਨ੍ਹਾਂ ਕਿਹਾ ਕਿ ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਵੱਲ ਇਹ ਇੱਕ ਇੱਕ ਮਹੱਤਵਪੂਰਨ ਕਦਮ ਹੈ।