ਸੈਰ ਸਪਾਟੇ ਦੀ ਨਜ਼ਰੀਏ ਤੋਂ ਹੁਸ਼ਿਆਰਪੁਰ ’ਚ ਅਸੀਮ ਸੰਭਾਵਨਾਵਾਂ : ਕੋਮਲ ਮਿੱਤਲ

ਸੈਰ ਸਪਾਟੇ ਦੀ ਨਜ਼ਰੀਏ ਤੋਂ ਹੁਸ਼ਿਆਰਪੁਰ ’ਚ ਅਸੀਮ ਸੰਭਾਵਨਾਵਾਂ : ਕੋਮਲ ਮਿੱਤਲ

ਹੁਸ਼ਿਆਰਪੁਰ, 24 ਫਰਵਰੀ: ਹੁਸ਼ਿਆਰਪੁਰ ਜ਼ਿਲ੍ਹੇ ਨੂੰ ਸੈਰ ਸਪਾਟੇ ਦੇ ਨਵੇਂ ਆਯਾਮ ਦੇਣ ਦੇ ਉਦੇਸ਼ ਨਾਲ ਕਰਵਾਏ ਗਏ ਹੁਸ਼ਿਆਰਪੁਰ ਨੇਚਰ ਫੈਸਟ-2025 ਦਾ ਦਿਨ ਵਿਸ਼ੇਸ਼ ਰੋਮਾਂਚਕ ਰਿਹਾ। ਅੱਜ ਵਣ ਪਾਲ ਨਾਰਥ ਸਰਕਲ ਡਾ. ਸੰਜੀਵ ਤਿਵਾੜੀ ਨੇ ਲਾਜਵੰਤੀ ਸਪੋਰਟਸ ਸਟੇਡੀਅਮ ਤੋਂ ਕੂਕਾਨੇਟ ਅਤੇ ਦੇਹਰੀਆਂ ਲਈ ਆਫ-ਰੋਡਿੰਗ ਟੀਮ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਐਸ.ਡੀ.ਐਮ. ਟਾਂਡਾ ਪੰਕਜ ਕੁਮਾਰ ਵੀ ਮੌਜੂਦ ਸਨ।

            ਇਸ ਦੌਰਾਨ ਜਿਥੇ ਸੈਲਾਨੀਆਂ ਅਤੇ  ਸਾਹਸੀ ਪ੍ਰੇਮੀਆਂ ਨੇ ਦੇਹਰੀਆਂ ਵਿਖੇ ਟ੍ਰੈਕਿੰਗ ਦਾ ਅਦਭੁਤ ਅਨੁਭਵ ਪ੍ਰਾਪਤ ਕੀਤਾ ਉਥੇ ਥਾਣਾ ਡੈਮ ਦੇ ਮਨਮੋਹਕ ਨਜ਼ਾਰਿਆਂ ਦਾ ਵੀ ਆਨੰਦ ਲਿਆ। ਪ੍ਰੋਗਰਾਮ ਵਿਚ ਸ਼ਾਮਲ ਸਾਹਸਿਕ ਖੇਡ ਪ੍ਰੇਮੀਆਂ ਨੇ ਆਫ-ਰੋਡਿੰਗ ਟਰੇਲਾਂ ਦਾ ਆਨੰਦ ਲੈਂਦੇ ਹੋਏ ਕੁਦਰਤੀ ਸੁੰਦਰਤਾ ਨੂੰ ਦੇਖਿਆ।  

            ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਹੁਸ਼ਿਆਰਪੁਰ ਵਿਚ ਸੈਰ ਸਪਾਟੇ ਦੀਆਂ ਅਸੀਮ ਸੰਭਾਵਨਾਵਾਂ ਹਨ। ਇਥੇ ਕੁਦਰਤੀ ਸਾਧਨ, ਵਿਸ਼ਾਲ ਜੰਗਲੀ ਖੇਤਰ ਅਤੇ ਇਤਿਹਾਸਕ ਵਿਰਾਸਤ ਇਸ ਨੂੰ ਇਕ ਪ੍ਰਮੁੱਖ ਸੈਲਾਨੀ ਕੇਂਦਰ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਣ ਵਿਭਾਗ ਮਿਲ ਕੇ ਇਸ ਨੂੰ ਵਿਸ਼ਵ ਪੱਧਰੀ ਸੈਰ ਸਪਾਟੇ ਸਥਾਨ ਵਜੋਂ ਵਿਕਸਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਗਾ ਕਿ ਹੁਸ਼ਿਆਰਪੁਰ ਨੂੰ ਸੈਰ ਸਪਾਟੇ ਦੇ ਖੇਤਰ ਵਿਚ ਮੋਹਰੀ ਜ਼ਿਲ੍ਹਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਨੇਚਰ ਫੈਸਟ ਦਾ ਮੁੱਖ ਉਦੇਸ਼ ਵੀ ਇਹੀ ਹੈ ਕਿ ਇਸ ਹਲਕੇ ਦੀ ਸੁੰਦਰਤਾ ਨੂੰ ਵਿਸ਼ਵ ਪੱਧਰੀ ਪਹਿਚਾਣ ਦਿਵਾਈ ਜਾਵੇ ਅਤੇ ਇਸ ਨੂੰ ਸੈਰ ਸਪਾਟੇ ਦੇ  ਨਕਸ਼ੇ ’ਤੇ ਇਕ ਅਹਿਮ ਸਥਾਨ ਦਿੱਤਾ ਜਾਵੇ।

          ਵਣ ਪਾਲ ਨਾਰਥ ਸਰਕਲ ਡਾ. ਸੰਜੀਵ ਤਿਵਾੜੀ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਚ ਪੰਜਾਬ ਦਾ ਸਭ ਤੋਂ ਵੱਡਾ ਜੰਗਲਾਤ ਏਰੀਆ ਮੌਜੂਦ ਹੈ ਜੋ ਇਸ ਨੂੰ ਨੇਚਰ ਟੁਰਿਜ਼ਮ ਲਈ ਇਕ ਆਦਰਸ਼ ਸਥਾਨ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸੈਲਾਨੀਆਂ ਨੂੰ ਬੜ੍ਹਾਵਾ ਦੇਣ ਨਾਲ ਪੇਂਡੂ ਹਲਕਿਆਂ ਦੀ ਆਮਦਨ ਵਿਚ ਵਾਧਾ ਹੋਵੇਗਾ ਅਤੇ ਉਨ੍ਹਾਂ ਦੇ ਜੀਵਨ ਪੱਧਰ ਵਿਚ ਸੁਧਾਰ ਆਵੇਗਾ। ਉਨ੍ਹਾਂ ਦੱਸਿਆ ਕਿ ਕੂਕਾਨੇਟ, ਦੇਹਰੀਆਂ, ਥਾਣਾ ਡੈਮ ਵਰਗੇ ਸੈਰ ਸਪਾਟਾ ਥਾਵਾਂ ਦੇ ਯੋਜਨਾਬੱਧ ਵਿਕਾਸ ਨਾਲ ਸਥਾਨਕ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਰੋਜ਼ਗਾਰ ਦੇ ਮੌਕੇ ਮਿਲਣਗੇ।

          ਉਨ੍ਹਾਂ ਕਿਹਾ ਕਿ ਸੈਰ ਸਪਾਟੇ ਨੂੰ ਬੜ੍ਹਾਵਾ ਦੇਣ ਲਈ ਵੱਖ-ਵੱਖ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਵਿਚ ਸੈਰ ਸਪਾਟੇ ਲਈ ਆਧੁਨਿਕ ਸੁਵਿਧਾਵਾਂ, ਅਡਵੈਂਚਰ ਟੂਰਿਜ਼ਮ ਦੇ ਨਵੇਂ ਵਿਕਲਪ ਅਤੇ ਸਥਾਈ ਸੈਰ ਸਪਾਟਾ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਦੀਆਂ ਯੋਜਨਾਵਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਸੈਰ ਸਪਾਟਾ ਉਦਯੋਗ ਨੂੰ ਸਥਾਨਕ ਲੋਕਾਂ ਦੇ ਆਰਥਿਕ ਵਿਕਾਸ ਨਾਲ ਜੋੜਨ ਲਈ ਯਤਨਸ਼ੀਲ ਹੈ। ਇਸ ਨਾਲ ਹੋਟਲ, ਗਾਈਡ, ਅਡਵੈਂਚਰ ਸਪੋਰਟਸ, ਸਥਾਨਕ ਹਸਤਸ਼ਿਲਪ ਅਤੇ ਖੇਤੀ ਆਧਾਰਤ ਸੈਰ ਸਪਾਟੇ ਗਤੀਵਿਧੀਆਂ ਨੂੰ ਵੀ ਬੜ੍ਹਾਵਾ ਮਿਲੇਗਾ। ਉਨ੍ਹਾਂ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੈਰ ਸਪਾਟੇ ਗਤੀਵਿਧੀਆਂ ਵਿਚ ਹਿੱਸਾ ਲੈਣ ਅਤੇ ਆਪਣੇ ਹਲਕੇ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਵਿਚ ਸਹਿਯੋਗ ਕਰਨ।

Tags: