ਅਮਨ ਅਰੋੜਾ ਨੇ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਵਿਰੋਧੀ ਧਿਰ ਦੇ ਨੇਤਾ ਨੂੰ ਕਰੜੇ ਹੱਥੀਂ ਲਿਆ: ਬੇਬੁਨਿਆਦ ਦੋਸ਼ਾਂ ਨਾਲ ਲੋਕਾਂ ਦਾ ਭਰੋਸਾ ਟੁੱਟਦਾ

ਅਮਨ ਅਰੋੜਾ ਨੇ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਵਿਰੋਧੀ ਧਿਰ ਦੇ ਨੇਤਾ ਨੂੰ ਕਰੜੇ ਹੱਥੀਂ ਲਿਆ: ਬੇਬੁਨਿਆਦ ਦੋਸ਼ਾਂ ਨਾਲ ਲੋਕਾਂ ਦਾ ਭਰੋਸਾ ਟੁੱਟਦਾ

ਚੰਡੀਗੜ੍ਹ, 25 ਫਰਵਰੀ:

ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਕਾਂਗਰਸ 'ਤੇ ਵਰ੍ਹਦਿਆਂ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਵਿਰੋਧੀ ਧਿਰ ਦੇ ਨੇਤਾ (ਐਲ.ਓ.ਪੀ.) ਪ੍ਰਤਾਪ ਸਿੰਘ ਬਾਜਵਾ ਨੂੰ ਸਲਾਹ ਦਿੱਤੀ ਕਿ ਉਹ ਦੂਜਿਆਂ 'ਤੇ ਉਂਗਲੀਆਂ ਚੁੱਕਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲੈਣ।

ਕੈਬਨਿਟ ਮੰਤਰੀ ਅੱਜ ਇੱਕ ਪ੍ਰਮੁੱਖ ਅੰਗਰੇਜ਼ੀ ਅਖ਼ਬਾਰ ਵਿੱਚ ਛਪੀ ਖ਼ਬਰ ਦਾ ਹਵਾਲਾ ਦੇ ਰਹੇ ਸਨ, ਜਿਸ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਇੱਕ ਸੇਵਾਮੁਕਤ ਅਧਿਕਾਰੀ ਨੇ ਕੇਂਦਰੀ ਵਿੱਤ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਸਾਲ 2020 ਦੇ ਤਰਨ ਤਾਰਨ ਨਾਜਾਇਜ਼ ਸ਼ਰਾਬ ਮਾਮਲੇ ਵਿੱਚ ਜਾਂਚ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ, ਜਿਸ ਵਿੱਚ 130 ਲੋਕਾਂ ਦੀ ਜਾਨ ਚਲੀ ਗਈ ਸੀ, ਕਿਉਂਕਿ ਉਨ੍ਹਾਂ ਦੀ ਜਾਂਚ ਵਿੱਚ ਪਿਛਲੀ ਸਰਕਾਰ ਦੇ 10 ਕਾਂਗਰਸੀ ਵਿਧਾਇਕਾਂ, ਇੱਕ ਮੰਤਰੀ ਅਤੇ ਤਤਕਾਲੀ ਮੁੱਖ ਮੰਤਰੀ ਦੇ ਕਰੀਬੀਆਂ ਦੇ ਕੁਝ ਆਦਮੀਆਂ ਦੀ ਸ਼ਮੂਲੀਅਤ ਪਾਈ ਗਈ ਸੀ।

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਆਪਣੇ ਔਗੁਣ ਲੁਕੋ ਕੇ ਦੂਜਿਆਂ ਉੱਤੇ ਉਂਗਲ ਉਠਾਉਣ ਦੀ ਅਨੋਖੀ ਉਦਾਹਰਣ ਹੈ। ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਸਾਡੀ ਨੀਅਤ ਸਾਫ ਹੈ ਅਤੇ ਅਸੀਂ ਕਿਸੇ ਵੀ ਕਮੇਟੀ ਵੱਲੋਂ ਜਾਂਚ ਕਰਵਾਉਣ ਲਈ ਤਿਆਰ ਹਾਂ।

ਸ੍ਰੀ ਅਮਨ ਅਰੋੜਾ ਪੰਜਾਬ ਵਿਧਾਨ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਵੱਲੋਂ ਉਠਾਏ ਗਏ ਮੁੱਦੇ ਦਾ ਜਵਾਬ ਦੇ ਰਹੇ ਸਨ, ਜਿਨ੍ਹਾਂ ਨੇ ਵਿਜੀਲੈਂਸ ਬਿਊਰੋ ਕੋਲ ਦਰਜ ਇੱਕ ਸ਼ਿਕਾਇਤ ਦਾ ਹਵਾਲਾ ਦਿੱਤਾ ਸੀ।

ਪੰਜਾਬ ਸਰਕਾਰ ਦੇ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਰਵੀਏ ਨੂੰ ਹੋਰ ਮਜ਼ਬੂਤ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਕਿਸੇ ਵੀ ਰੂਪ ਵਿੱਚ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰੇਗੀ, ਭਾਵੇਂ ਇਸ ਵਿੱਚ ਸ਼ਾਮਲ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧ ਰੱਖਦੇ ਹੋਣ।

ਸ੍ਰੀ ਅਰੋੜਾ ਨੇ ਸਿਆਸੀ ਆਗੂਆਂ ਨੂੰ ਬਿਨਾਂ ਕਿਸੇ ਠੋਸ ਸਬੂਤ ਦੇ ਬੇਬੁਨਿਆਦ ਦੋਸ਼ ਲਗਾਉਣ ਵਿਰੁੱਧ ਚੇਤਾਵਨੀ ਦਿੰਦਿਆਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਸਮੁੱਚੇ ਸਿਆਸੀ ਵਰਗ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਠੇਸ ਪਹੁੰਚਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਦੋਸ਼ ਸਿਰਫ਼ ਇਸ ਕਰਕੇ ਨਹੀਂ ਲਗਾਏ ਜਾਣੇ ਚਾਹੀਦੇ ਕਿਉਂਕਿ ਉਹ ਵਿਰੋਧੀ ਪਾਰਟੀ ਨਾਲ ਸਬੰਧਤ ਹਨ। ਉਹਨਾਂ ਅੱਗੇ ਕਿਹਾ ਕਿ ਭਰੋਸੇਯੋਗ ਸਬੂਤਾਂ ਦੀ ਅਣਹੋਂਦ ਵਿੱਚ ਅਜਿਹੇ ਦੋਸ਼ ਲਗਾਉਣਾ ਅਸਲ ਮਾਇਨੇ ਵਿੱਚ ਲੋਕਾਂ ਦਾ ਸਿਆਸੀ ਪ੍ਰਣਾਲੀ ‘ਚ ਵਿਸ਼ਵਾਸ ਖ਼ਤਮ ਕਰਦਾ ਹੈ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਭਰੋਸਾ ਦਿੱਤਾ ਕਿ ਵਿਜੀਲੈਂਸ ਬਿਊਰੋ ਨੂੰ ਮਿਲੀ ਸ਼ਿਕਾਇਤ ਅਤੇ ਇਸ ਸਬੰਧੀ ਬਿਊਰੋ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸੂਬਾ ਸਰਕਾਰ ਅਧੀਨ ਵਿਜੀਲੈਂਸ ਬਿਊਰੋ ਦੇ ਅਧਿਕਾਰਾਂ ਬਾਰੇ ਵਿਰੋਧੀ ਧਿਰ ਦੇ ਇਤਰਾਜ਼ਾਂ ਦਾ ਖੰਡਨ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਜੀਲੈਂਸ ਕੇਸ ਦੇ ਆਧਾਰ'ਤੇ ਮੁੱਦਾ ਉਠਾ ਕੇ ਬਾਅਦ ਵਿੱਚ ਵਿਜੀਲੈਂਸ ਬਿਊਰੋ ਦੀ ਇਮਾਨਦਾਰੀ 'ਤੇ ਸ਼ੱਕ ਕਰਨਾ ਅਸਵੀਕਾਰਯੋਗ ਹੈ।

ਉਨ੍ਹਾਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਲਈ ਵਿਧਾਨ ਸਭਾ ਕਮੇਟੀ ਅਤੇ ਪਿਛਲੀਆਂ ਭ੍ਰਿਸ਼ਟਾਚਾਰ ਦੀਆਂ ਘਟਨਾਵਾਂ ਦੀ ਜਾਂਚ ਲਈ ਅਜਿਹੀਆਂ ਕਮੇਟੀਆਂ ਦੇ ਗਠਨ ਦਾ ਸਮਰਥਨ ਕਰਦੇ ਹਨ।

ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ.  ਦੀ ਇਮਾਨਦਾਰੀ ਦੀ ਇੱਕ ਮਿਸਾਲੀ ਉਦਾਹਰਣ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ, ਜਿਸ ਵਿੱਚ ਮੰਤਰੀ ਈ.ਟੀ.ਓ. ਨੇ ਇੱਕ ਸ਼ੈਲਰ ਮਾਲਕ ਦੇ ਲੰਬਿਤ ਕੰਮ ਨੂੰ ਮੁਕੰਮਲ ਕਰਨ ਵਿੱਚ ਉਸ ਦੀ ਸਹਾਇਤਾ ਕੀਤੀ। ਇਸ ਕਾਰਜ ਲਈ ਮੰਤਰੀ ਈ.ਟੀ.ਓ. ਦੀ ਸ਼ਲਾਘਾ ਕਰਦਿਆਂ ਸ਼ੈਲਰ ਮਾਲਕ ਨੇ ਉਹਨਾਂ ਨੂੰ ਮਿਠਾਈ ਦਾ ਡੱਬਾ ਅਤੇ ਚੌਲਾਂ ਦਾ ਥੈਲਾ ਭੇਟ ਕੀਤਾ। ਹਾਲਾਂਕਿ ਮੰਤਰੀ ਈ.ਟੀ.ਓ. ਨੇ ਚੌਲ ਲੈਣ ਤੋਂ ਇਨਕਾਰ ਕਰਦਿਆਂ ਸ਼ੈਲਰ ਮਾਲਕ ਨੂੰ ਸੁਝਾਅ ਦਿੱਤਾ ਕਿ ਇਹ ਕਿਸੇ ਲੋੜਵੰਦ ਨੂੰ ਦਿੱਤੇ ਜਾਣ। ਜਦੋਂ ਮੰਤਰੀ ਈ.ਟੀ.ਓ. ਨੂੰ ਪਤਾ ਲੱਗਾ ਕਿ ਕਿਸੇ ਨੇ ਇਸ ਸ਼ੈਲਰ ਮਾਲਕ ਦਾ ਇਹ ਕੰਮ ਕਰਵਾਉਣ ਬਦਲੇ 7 ਲੱਖ ਰੁਪਏ ਰਿਸ਼ਵਤ ਲਈ ਹੈ, ਤਾਂ ਉਹਨਾਂ ਨੇ ਜ਼ਿਲ੍ਹਾ ਐਸ.ਐਸ.ਪੀ. ਨੂੰ ਤੁਰੰਤ ਪੈਸੇ ਵਾਪਸ ਕਰਵਾਉਣ ਦੇ ਨਿਰਦੇਸ਼ ਦਿੱਤੇ। ਮੰਤਰੀ ਨੇ ਚੇਤਾਵਨੀ ਦਿੱਤੀ ਸੀ ਕਿ ਪੈਸੇ ਵਾਪਸ ਨਾ ਕਰਨ ਦੀ ਸੂਰਤ ਵਿੱਚ ਦੋਸ਼ੀ ਵਿਰੁੱਧ ਕੇਸ ਦਰਜ ਕਰਵਾਇਆ ਜਾਵੇਗਾ।

Tags: