ਸਰਕਾਰੀ ਸਕੂਲਾਂ ਦੇ ਕੁੱਕ/ ਹੈਲਪਰਾਂ ਦੇ ਖਾਣਾ ਬਣਾਉਣ ਦੇ ਮੁਕਾਬਲੇ ਕਰਵਾਏ
ਬਰਨਾਲਾ, 18 ਫਰਵਰੀ
ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਸ਼੍ਰੀਮਤੀ ਇੰਦੂ ਸਿਮਕ ਦੇ ਦਿਸ਼ਾ - ਨਿਰਦੇਸ਼ ਅਤੇ ਡਿਪਟੀ ਡੀਈਓ ਮੈਡਮ ਨੀਰਜਾ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ, ਹੰਡਿਆਇਆ ਵਿਖੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਕੁੱਕ ਕਮ ਹੈਲਪਰਾਂ ਦੇ ਜ਼ਿਲ੍ਹਾ ਪੱਧਰੀ ਕੁਕਿੰਗ ਮੁਕਾਬਲੇ ਕਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਇੰਦੂ ਸਿਮਕ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਮੌਜੂਦਾ ਮਿਡ ਡੇਅ ਮੀਲ ਮੀਨੂ ਦੇ ਮੁਤਾਬਿਕ ਪਹਿਲਾਂ ਕਲੱਸਟਰ ਪੱਧਰ, ਫਿਰ ਬਲਾਕ ਪੱਧਰ ਅਤੇ ਬਲਾਕ ਬਲਾਕ ਪੱਧਰੀ ਜੇਤੂ ਬੀਬੀਆਂ ਵੱਲੋਂ ਜ਼ਿਲ੍ਹਾ ਪੱਧਰੀ ਕੁਕਿੰਗ ਮੁਕਾਬਲਿਆਂ ਵਿੱਚ ਹਿੱਸਾ ਲਿਆ ਗਿਆ। ਜੱਜ ਸਾਹਿਬਾਨਾਂ ਨੇ ਮੁਕਾਬਲੇ ਵਿੱਚ ਭਾਗ ਲੈ ਰਹੀਆਂ ਕੁੱਕ ਬੀਬੀਆਂ ਵੱਲੋਂ ਬਣਾਏ ਗਏ ਪਕਵਾਨਾਂ ਨੂੰ ਕਈ ਕਸੌਟੀਆਂ 'ਤੇ ਪਰਖਿਆ ਅਤੇ ਮੁਕਾਬਲੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਆਫ ਹੈਪੀਨੈਸ ਰੂੜੇਕੇ ਕਲਾਂ ਦੀ ਕੁੱਕ ਜਸਪ੍ਰੀਤ ਕੌਰ ਨੇ ਪਹਿਲਾ, ਸਰਕਾਰੀ ਹਾਈ ਸਕੂਲ ਭੈਣੀ ਫੱਤਾ ਦੀ ਭਰਪੂਰ ਕੌਰ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਉਗੋਕੇ ਦੀ ਕੁਕ ਦਵਿੰਦਰਜੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।
ਡੀਈਓ ਮੈਡਮ ਇੰਦੂ ਸਿਮਕ ਨੇ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਗੁਣਵੱਤਾ ਭਰਪੂਰ ਭੋਜਨ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਜੇਤੂ ਕੁੱਕ ਬੀਬੀਆਂ ਰਾਜ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣਗੀਆਂ। ਡੀਈਓ ਇੰਦੂ ਸਿਮਕ ਦੁਆਰਾ ਮੁਕਾਬਲੇ ਵਿੱਚ ਜੇਤੂ ਕੁੱਕ ਬੀਬੀਆਂ ਨੂੰ ਨਗਦ ਇਨਾਮ, ਟਰਾਫ਼ੀ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲਾ ਲੇਖਾਕਾਰ ਮਿਡ ਡੇਅ ਮੀਲ ਮੈਡਮ ਹਰਸ਼ ਰਾਣੀ, ਡਾਕਟਰ ਸੰਜੇ, ਭੁਪਿੰਦਰ ਸਿੰਘ, ਮੈਡਮ ਹਿਮਾਨੀ ਬਾਤਿਸ਼ ਅਤੇ ਸੈਂਟਰ ਹੈਡ ਟੀਚਰ ਹੰਡਿਆਇਆ ਤਲਵਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।