ਸਭਿਆਚਾਰ ਤੇ ਸੈਰ ਸਪਾਟਾ ਮੰਤਰੀ ਤਰੁਣ ਪ੍ਰੀਤ ਸੌਂਦ ਕਰਨਗੇ ਫੈਸਟ ਦਾ ਉਦਘਾਟਨ

ਸਭਿਆਚਾਰ ਤੇ ਸੈਰ ਸਪਾਟਾ ਮੰਤਰੀ ਤਰੁਣ ਪ੍ਰੀਤ ਸੌਂਦ ਕਰਨਗੇ ਫੈਸਟ ਦਾ ਉਦਘਾਟਨ

ਹੁਸ਼ਿਆਰਪੁਰ, 20 ਫਰਵਰੀ: ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਥਾਨਕ ਲਾਜਵੰਤੀ ਸਟੇਡੀਅਮ ਵਿਖੇ 21 ਤੋਂ 25 ਫਰਵਰੀ ਤੱਕ ਕਰਵਾਏ ਜਾ ਰਹੇ ਨੇਚਰ ਫੈਸਟ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ 21 ਫਰਵਰੀ ਨੂੰ ਸ਼ਾਮ 4 ਵਜੇ ਸਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਤਰੁਣ ਪ੍ਰੀਤ ਸਿੰਘ ਸੌਂਦ ਨੇਚਰ ਫੈਸਟ ਹੁਸ਼ਿਆਰਪੁਰ ਦਾ ਉਦਘਾਟਨ ਕਰਨਗੇ।

          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੇਚਰ ਫੈਸਟ ਦੌਰਾਨ ਲੋਕਾਂ ਦੀ ਐਂਟਰੀ ਖੁੱਲ੍ਹੀ ਰਹੇਗੀ ਅਤੇ ਸਟੇਡੀਅਮ ਵਿਚ ਵੱਖ-ਵੱਖ ਚੀਜਾਂ, ਕਲਾਕ੍ਰਿਤੀਆਂ ਅਤੇ ਸਮਾਨ ਦੀ ਪੇਸ਼ਕਾਰੀ ਕਰਦੇ ਹੋਏ 100 ਦੇ ਕਰੀਬ ਸਟਾਲ ਲੱਗਣਗੇ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਪੰਜਾਬੀ ਗਾਇਕ ਅਲਾਪ ਸਿਕੰਦਰ ਅਤੇ 25 ਫਰਵਰੀ ਨੂੰ ਕੰਵਰ ਗਰੇਵਾਲ ਆਪਣੀ ਗਾਇਕੀ ਨਾਲ ਸਮਾਂ ਬੰਨ੍ਹਣਗੇ। ਪੰਜ ਰੋਜ਼ਾ ਨੇਚਰ ਫੈਸਟ ਦੀ ਸ਼ੁਰੂਆਤ 21 ਫਰਵਰੀ ਨੂੰ ਪੌਂਗ ਡੈਮ ਵਿਚ ਬਰਡ ਵਾਚਿੰਗ ਨਾਲ ਹੋਵੇਗੀ।

          ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਫੈਸਟ ਦੀ ਰੌਣਕ ਵਧਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਲੋਕਾਂ ਲਈ ਇਹ ਫੈਸਟ ਬੇਹੱਦ ਮਨੋਰੰਜਕ ਰਹੇਗਾ। ਉਨ੍ਹਾਂ ਦੱਸਿਆ ਕਿ ਸੋਲਿਸ ਅਤੇ ਠਰੋਲੀ ਵਿਚ ਨਾਈਟ ਕੈਂਪਿੰਗ ਅਤੇ ਲਾਜਵੰਤੀ ਸਟੇਡੀਅਮ ਵਿਚ ਸਾਈਕਲੋਥਾਨ ਤੋਂ ਇਲਾਵਾ ਵਣ ਚੇਤਨਾ ਪਾਰਕ ਵਿਚ ਕਿਡਸ ਕਾਰਨੀਵਾਲ ਹੋਵੇਗਾ। ਇਸੇ ਤਰ੍ਹਾਂ 23 ਫਰਵਰੀ ਨੂੰ ਸਟੇਡੀਅਮ ਵਿਚ ਭਾਰਤ ਬਨਾਮ ਪਾਕਿਸਤਾਨ ਮੈਚ ਦੀ ਸਕਰੀਨਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੁਕਾਨੇਟ ਵਿਚ ਆਫ-ਰੋਡਿੰਗ ਹੋਵੇਗੀ, ਜਿਸ ਵਿਚ ਹਿੱਸਾ ਲੈਣ ਵਾਲਿਆਂ ਦੀ ਸੁਵਿਧਾ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਨੇਚਰ ਰਿਟਰੀਟ, ਚੌਹਾਲ ਵਿਚ ਲੋਕ ਬੂਟਿੰਗ ਅਤੇ ਜੰਗਲ ਸਫ਼ਾਰੀ ਦਾ ਆਨੰਦ ਲੈਣਗੇ। ਇਸੇ ਤਰ੍ਹਾਂ 25 ਫਰਵਰੀ ਦੀ ਸ਼ਾਮ ਨੂੰ ਗਾਇਕ ਕੰਵਰ ਗਰੇਵਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ ਅਤੇ ਇਸ ਉਪਰੰਤ ਨੇਚਰ ਫੈਸਟ ਦੀ ਸਮਾਪਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ’ਨੇਚਰ ਫੈਸਟ ਹੁਸ਼ਿਆਰਪੁਰ’ ਦਾ ਮੰਤਵ ਕੁਦਰਤ ਦੀ ਗੋਦ ਵਿਚ ਵਸੇ ਹੁਸ਼ਿਆਰਪੁਰ ਵਿਚ ਸੈਰ ਸਪਾਟੇ ਦੀਆਂ ਅਪਾਰ ਸੰਭਾਵਨਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਹੈ।

Tags: