ਜ਼ਿਲ੍ਹਾ ਮੋਗਾ ਵਿੱਚ ਈ ਡੀ ਏ ਆਰ ਪੋਰਟਲ ਦੀ ਸ਼ੁਰੂਆਤ, ਸੜਕ ਹਾਦਸਿਆਂ ਦਾ ਤਿਆਰ ਹੋਵੇਗਾ ਡਾਟਾ ਬੇਸ

ਜ਼ਿਲ੍ਹਾ ਮੋਗਾ ਵਿੱਚ ਈ ਡੀ ਏ ਆਰ ਪੋਰਟਲ ਦੀ ਸ਼ੁਰੂਆਤ, ਸੜਕ ਹਾਦਸਿਆਂ ਦਾ ਤਿਆਰ ਹੋਵੇਗਾ ਡਾਟਾ ਬੇਸ

ਮੋਗਾ, 28 ਫਰਵਰੀ (000) -
ਸੜਕ ਹਾਦਸਿਆਂ ਦੇ ਦਾਅਵਿਆਂ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ
ਹਾਦਸਿਆਂ ਨਾਲ ਸਬੰਧਤ ਡਾਟਾ ਬੇਸ ਤਿਆਰ ਕਰਨ ਲਈ ਜ਼ਿਲ੍ਹਾ ਮੋਗਾ ਵਿੱਚ ਮਿਤੀ 1 ਮਾਰਚ ਤੋਂ ਈ ਡੀ ਏ ਆਰ ਪੋਰਟਲ ਦੀ ਸ਼ੁਰੂਆਤ ਹੋ ਗਈ ਹੈ। ਇਹ ਪੋਰਟਲ ਖਾਸ ਤੌਰ 'ਤੇ ਆਈ ਆਰ ਏ ਡੀ ਐਪਲੀਕੇਸ਼ਨ ਦੇ ਵਿਸਥਾਰ ਵਜੋਂ ਇੱਕ ਏਕੀਕ੍ਰਿਤ ਪੋਰਟਲ ਹੈ। ਇਸ ਦਾ ਉਦੇਸ਼ ਦੇਸ਼ ਦੇ ਹਰ ਹਿੱਸੇ ਤੋਂ ਦੁਰਘਟਨਾ ਡੇਟਾਬੇਸ ਨੂੰ ਇਕੱਠਾ ਕਰਕੇ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣਾ ਹੈ।

ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਮੋਗਾ ਸ਼੍ਰੀਮਤੀ ਚਾਰੂਮਿਤਾ ਨੇ ਦਿੱਤੀ। ਅੱਜ ਉਹ ਸਥਾਨਕ ਮੀਟਿੰਗ ਹਾਲ ਵਿਖੇ ਟ੍ਰੇੈਫਿਕ ਪੁਲਿਸ ਅਧਿਕਾਰੀਆਂ ਨਾਲ ਰਿਕਵਰੀ/ਸੇਫ਼ ਵਾਹਨ ਸਕੀਮ/ਜ਼ਿਲ੍ਹਾ ਰੋਡ ਸੇਫਟੀ ਸਕੀਮ ਤਹਿਤ ਮੀਟਿੰਗ ਕਰਰਹੇ ਸਨ। ਇਸ ਮੀਟਿੰਗ ਵਿੱਚ ਐੱਸ ਡੀ ਐਮ ਮੋਗਾ ਕਮ ਆਰ ਟੀ ਓ ਸ੍ਰ ਸਰੰਗਪ੍ਰੀਤ ਸਿੰਘ ਔਜਲਾ, ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਹਿਤੇਸ਼ ਵੀਰ ਗੁਪਤਾ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।

ਵਧੀਕ ਡਿਪਟੀ ਕਮਿਸ਼ਨਰ ਨੇ ਹਦਾਇਤ ਜਾਰੀ ਕੀਤੀ ਕਿ ਜਦੋਂ ਵੀ ਸੜਕ ਹਾਦਸਾ ਹੁੰਦਾ ਹੈ ਤਾਂ ਇਸ ਪੋਰਟਲ ਉੱਤੇ ਪੁਲਿਸ, ਸੜਕ ਸੁਰੱਖਿਆ ਫੋਰਸ ਅਤੇ ਸਿਹਤ ਵਿਭਾਗ ਵੱਲੋਂ ਇੰਦਰਾਜ਼ ਕੀਤਾ ਜਾਵੇਗਾ। ਹਰੇਕ ਹਾਦਸੇ ਦੀ ਡੀਟੇਲ ਇਸ ਪੋਰਟਲ ਉੱਤੇ ਭਰਨ ਨਾਲ ਦੇਸ਼ ਪੱਧਰ ਉੱਤੇ ਹੁੰਦੇ ਸੜਕ ਹਾਦਸਿਆਂ ਦਾ ਡਾਟਾ ਬੇਸ ਤਿਆਰ ਹੋ ਜਾਵੇਗਾ। ਜਿਸ ਨਾਲ ਇਹਨਾਂ ਹਾਦਸਿਆਂ ਨੂੰ ਖਤਮ ਕਰਨ ਲਈ ਨੀਤੀ ਤਿਆਰ ਕਰਨ ਵਿੱਚ ਸਹਿਯੋਗ ਮਿਲੇਗਾ।

ਉਹਨਾਂ ਕਿਹਾ ਕਿ ਸ਼ਹਿਰ ਵਿੱਚ ਚੱਲਦੇ ਨਜ਼ਾਇਜ ਈ ਰਿਕਸ਼ੇ ਤੁਰੰਤ ਬੰਦ ਕਰਵਾਏ ਜਾਣ। ਸੇਫ ਸਕੂਲ ਵਾਹਨ ਪਾਲਿਸੀ ਨੂੰ ਇੰਨ ਬਿੰਨ ਲਾਗੂ ਕਰਵਾਉਣ ਲਈ ਚੈਕਿੰਗਾਂ ਕੀਤੀਆਂ ਜਾਣ। ਵਧੀਕ ਡਿਪਟੀ ਕਮਿਸ਼ਨਰ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਸੜਕ ਆਵਾਜਾਈ ਦੌਰਾਨ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ।

Tags: