ਨਰਮੇ ਦੀ ਅਗਲੀ ਫਸਲ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਪੱਬਾਂ ਭਾਰ,

ਨਰਮੇ ਦੀ ਅਗਲੀ ਫਸਲ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਪੱਬਾਂ ਭਾਰ,

ਫਾਜ਼ਿਲਕਾ 28 ਫਰਵਰੀ
ਨਰਮੇ ਦੀ ਅਗਲੀ ਫਸਲ ਤੋਂ ਪਹਿਲਾਂ ਜ਼ਿਲਾ ਖੇਤੀਬਾੜੀ ਵਿਭਾਗ ਨੇ ਆਪਣੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ। ਇਸ ਸਬੰਧ ਵਿੱਚ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ: ਸੰਦੀਪ ਰਿਣਵਾਂ ਨੇ ਬਲਾਕ ਖੂਹੀਆਂ ਸਰਵਰ ਅਤੇ ਅਬੋਹਰ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਉਹਨਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਨਰਮੇ ਦੀ ਫਸਲ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਾਉਣੀ ਰੁੱਤ ਦੌਰਾਨ ਜ਼ਿਆਦਾ ਤੋਂ ਜਿਆਦਾ ਕਿਸਾਨ ਨਰਮੇ ਦੀ ਕਾਸ਼ਤ ਕਰਨ। ਉਨਾਂ ਨੇ ਇਸ ਮੌਕੇ ਕਿਹਾ ਕਿ ਕਿਸਾਨਾਂ ਨੂੰ ਖੇਤਾਂ ਵਿੱਚ ਖੜੇ ਨਦੀਨਾ ਨੂੰ ਨਸ਼ਟ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਚਿੱਟੀ ਮੱਖੀ ਦੇ ਸੰਭਾਵਿਤ ਹਮਲੇ ਨੂੰ ਘੱਟ ਕੀਤਾ ਜਾ ਸਕੇ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਖੇਤਾਂ ਵਿੱਚ ਪਈਆਂ ਨਰਮੇ ਦੀਆਂ ਛਟੀਆਂ ਨੂੰ ਝਾੜ ਕੇ ਪਿੰਡ ਵਿੱਚ ਲੈ ਆਂਦਾ ਜਾਵੇ ਅਤੇ ਰਹਿੰਦ ਖੂੰਦ ਨੂੰ ਨਸ਼ਟ ਕਰ ਦਿੱਤਾ ਜਾਵੇ ਕਿਉਂਕਿ ਇਸ ਵਿੱਚ ਗੁਲਾਬੀ ਸੂੰਡੀ ਦਾ ਲਾਰਵਾ ਹੋ ਸਕਦਾ ਹੈ। ਉਹਨਾਂ ਨੇ ਕਿਹਾ ਜੇਕਰ ਕਿਸਾਨ ਵੀਰ ਇਸ ਵੇਲੇ ਇਹ ਉਪਰਾਲੇ ਕਰਨ ਤਾਂ ਆਉਣ ਵਾਲੀ ਫਸਲ ਲਈ ਬਿਹਤਰ ਹੋਵੇਗਾ। ਨਾਲ ਹੀ ਉਹਨਾਂ ਨੇ ਕਿਹਾ ਕਿ ਜੀਨਿੰਗ ਫੈਕਟਰੀਆਂ ਵਿੱਚ ਵੀ ਵਿਭਾਗ ਦੀਆਂ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਉੱਥੇ ਗੁਲਾਬੀ ਸੁੰਡੀ ਦਾ ਲਾਰਵਾ ਨਾ ਪਣਪ ਰਿਹਾ ਹੋਵੇ। ਉਹਨਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਪਿੰਡਾਂ ਦੇ ਦੌਰੇ ਕਰਕੇ ਕਿਸਾਨਾਂ ਨੂੰ ਨਰਮੇ ਦੀ ਫਸਲ ਸਬੰਧੀ ਜਾਣਕਾਰੀ ਦਿੱਤੀ ਜਾਵੇ।

Tags: