ਪੰਜਾਬ ਸਰਕਾਰ ਵੱਲੋਂ ਘੋੜਿਆਂ, ਗਧਿਆਂ ਅਤੇ ਖੱਚਰਾਂ ਲਈ ਮੁਫ਼ਤ ਟੈਟਨਸ ਟੀਕਾਕਰਨ ਮੁਹਿੰਮ
ਚੰਡੀਗੜ੍ਹ, 10 ਮਾਰਚ:
ਪਸ਼ੂਆਂ ਦੀ ਭਲਾਈ ਵੱਲ ਅਹਿਮ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਘੋੜਿਆਂ, ਗਧਿਆਂ ਅਤੇ ਖੱਚਰਾਂ ਲਈ ਸੂਬਾ ਪੱਧਰ ‘ਤੇ ਮੁਫ਼ਤ ਟੈਟਨਸ ਟੌਕਸਾਈਡ ਟੀਕਾਕਰਨ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ।
ਅੱਜ ਇੱਥੇ ਇਸ ਸਬੰਧੀ ਐਲਾਨ ਕਰਦਿਆਂ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਜਲਦੀ ਹੀ ਸਾਰੇ ਘੋੜਿਆਂ, ਗਧਿਆਂ ਅਤੇ ਖੱਚਰਾਂ ਨੂੰ ਟੈਟਨਸ ਟੌਕਸਾਈਡ ਦਾ ਟੀਕਾ ਲਾਉਣ ਲਈ ਰਾਜ-ਪੱਧਰੀ ਮੁਹਿੰਮ ਸ਼ੁਰੂ ਕਰੇਗਾ। ਉਨ੍ਹਾਂ ਨੇ ਘੋੜਿਆਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਇਸ ਮੁਹਿੰਮ ਨੂੰ ਸ਼ੁਰੂ ਕਰਨ ਵਾਸਤੇ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਰੂਰੀ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।
ਕੈਬਨਿਟ ਮੰਤਰੀ ਇੱਥੇ ਕਿਸਾਨ ਭਵਨ ਵਿਖੇ ਪਸ਼ੂ ਪਾਲਣ ਵਿਭਾਗ ਵੱਲੋਂ ਏ.ਐਸ.ਸੀ.ਏ.ਡੀ. ਸਕੀਮ ਅਧੀਨ "ਬਿਮਾਰੀਆਂ ਦੀ ਜਾਂਚ ਸਬੰਧੀ ਆਧੁਨਿਕ ਤਕਨੀਕਾਂ ਨਾਲ ਪਾਲਤੂ ਜਾਨਵਰਾਂ ਦੀ ਦੇਖਭਾਲ ਅਤੇ ਇਲਾਜ" ਵਿਸ਼ੇ 'ਤੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ।
ਵੈਟਰਨਰੀ ਡਾਕਟਰਾਂ ਅਤੇ ਕਿਸਾਨਾਂ ਦਰਮਿਆਨ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਵੈਟਰਨਰੀ ਡਾਕਟਰ ਕਿਸਾਨਾਂ ਨੂੰ ਵਿਭਾਗ ਦੇ ਪ੍ਰੋਗਰਾਮਾਂ ਦੇ ਲਾਭਾਂ ਬਾਰੇ ਜਾਣਕਾਰੀ ਦੇਣ ਅਤੇ ਇਸ ਸਬੰਧੀ ਉਨ੍ਹਾਂ ਦੀ ਸਹਾਇਤਾ ਲਈ ਸਰਗਰਮ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਤਕਨੀਕੀ ਮੁਹਾਰਤ ਅਤੇ ਵਿਹਾਰਕ ਤੌਰ ‘ਤੇ ਇਸਦੀ ਵਰਤੋਂ ਵਿਚਕਾਰਲੇ ਪਾੜੇ ਨੂੰ ਪੂਰਦਿਆਂ ਕਿਸਾਨਾਂ ਨੂੰ ਖੇਤੀ ਦੇ ਸਹਾਇਕ ਧੰਦਿਆਂ ਵਿੱਚ ਸਫ਼ਲ ਹੋਣ ਦੇ ਸਮਰੱਥ ਬਣਾਇਆ ਜਾ ਰਿਹਾ ਹੈ।
ਸੈਮੀਨਾਰ ਦੌਰਾਨ ਗੁਰੂ ਨਾਨਕ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਨੇ ਵੱਡੇ ਜਾਨਵਰਾਂ ਵਿੱਚ ਵਾਰ-ਵਾਰ ਗਰਭ ਨਾ ਠਹਿਰਣ ਸਬੰਧੀ ਇਲਾਜ, ਘੋੜਿਆਂ, ਗਧਿਆ ਤੇ ਖੱਚਰਾਂ ਵਿੱਚ ਕੋਲਿਕ ਦੇ ਪ੍ਰਬੰਧਨ, ਪਸ਼ੂਆਂ ਵਿੱਚ ਪਰਜੀਵੀ ਬਿਮਾਰੀਆਂ ਦੀਆਂ ਆਧੁਨਿਕ ਜਾਂਚ ਤਕਨੀਕਾਂ ਅਤੇ ਸੱਪ ਦੇ ਡੰਗਣ ਦੇ ਮਾਮਲਿਆਂ ‘ਚ ਆਧੁਨਿਕ ਪ੍ਰਬੰਧਨ ਤਕਨੀਕਾਂ 'ਤੇ ਚਾਨਣਾ ਪਾਇਆ ਗਿਆ।
ਸੈਮੀਨਾਰ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਜੀ.ਐਸ. ਬੇਦੀ ਨੇ ਕਿਹਾ ਕਿ ਵਿਚਾਰੇ ਗਏ ਵਿਸ਼ੇ ਪੂਰੀ ਤਰ੍ਹਾਂ ਖੇਤਰ-ਮੁਖੀ ਸਨ ਅਤੇ ਸਾਰੇ ਵੈਟਰਨਰੀ ਡਾਕਟਰਾਂ ਅਤੇ ਪਸ਼ੂ ਪਾਲਣ ਮਾਹਿਰਾਂ ਨੇ ਇਸ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕਾਂ ਦੁੱਧ ਉਤਪਾਦਨ ਨੂੰ ਵਧਾਉਣ, ਅਵਾਰਾ ਪਸ਼ੂਆਂ ਦੀ ਆਬਾਦੀ ਨੂੰ ਘਟਾਉਣ ਅਤੇ ਸਾਰੇ ਜਾਨਵਰਾਂ ਦੀ ਭਲਾਈ ਵਿੱਚ ਮਦਦਗਾਰ ਸਿੱਧ ਹੋਣਗੀਆਂ। ਇਸ ਮੌਕੇ ਡਾ. ਮ੍ਰਿਗਾਂਕ ਹੋਨਪਾਰਖੇ, ਡਾ. ਗੁਰਪ੍ਰੀਤ ਸਿੰਘ, ਡਾ. ਸ਼ੁਸ਼ਮਾ ਛਾਬੜਾ, ਅਤੇ ਡਾ. ਪਰਵਿੰਦਰ ਕੌਰ ਲੁਬਾਣਾ ਨੇ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਵਿਚਾਰ ਅਤੇ ਤਜਰਬੇ ਸਾਂਝੇ ਕੀਤੇ।