ਜਿਲਾ ਪਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ
ਫਤਿਹਗੜ੍ਹ ਸਾਹਿਬ, 08 ਫਰਵਰੀ
ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਆਮ ਚੋਣਾਂ ਕਰਵਾਉਣ ਲਈ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। 01-03-2025 ਦੀ ਯੋਗਤਾ ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੌਰਾਨ ਜੇਕਰ ਕੋਈ ਵੋਟਰ ਨਵੀਂ ਵੋਟ ਬਣਾਉਣੀ ਚਾਹੁੰਦਾ ਹੈ ਤਾਂ ਉਹ ਫਾਰਮ ਨੰਬਰ 01, ਵੋਟ ਕਟਵਾਉਣ ਲਈ ਫਾਰਮ ਨੰਬਰ 02 ਅਤੇ ਕਿਸੇ ਤਰ੍ਹਾਂ ਦੀ ਸੋਧ ਕਰਵਾਉਣ ਲਈ ਫਾਰਮ ਨੰਬਰ 03 ਭਰਿਆ ਜਾ ਸਕਦਾ ਹੈ।
ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ- ਵਧੀਕ ਜ਼ਿਲਾ ਚੋਣਕਾਰ ਅਫਸਰ ਸੁਰਿੰਦਰ ਸਿੰਘ ਧਾਲੀਵਾਲ ਨੇ ਦਿੱਤੀ। ਉਹਨਾਂ ਦੱਸਿਆ ਕਿ ਵੋਟਰ ਸੂਚੀਆਂ ਸਬੰਧੀ 14 ਫਰਵਰੀ ਤੋਂ 18 ਫਰਵਰੀ ਤੱਕ ਦਾਅਵੇ ਤੇ ਇਤਰਾਜ ਦਾਖਲ ਕਰਾਏ ਜਾ ਸਕਦੇ ਹਨ। ਦਾਅਵੇ ਤੇ ਇਤਰਾਜਾਂ ਦਾ ਨਿਪਟਾਰਾ 27 ਫਰਵਰੀ ਤੱਕ ਕੀਤਾ ਜਾਵੇਗਾ ਅਤੇ 03 ਮਾਰਚ 2025 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰਵਾਈ ਜਾਵੇਗੀ।
ਸ. ਧਾਲੀਵਾਲ ਨੇ ਦੱਸਿਆ ਕਿ 14 ਤੇ 15 ਫਰਵਰੀ ਨੂੰ ਸਬੰਧਤ ਇਲੈਕਟਰੋਲ ਰਜਿਸਟਰੇਸ਼ਨ ਅਫਸਰ-ਕਮ-ਐਸ. ਡੀ. ਐਮ. ਵੱਲੋਂ ਵੋਟਾਂ ਬਣਾਉਣ, ਵੋਟ ਕਟਵਾਉਣ ਤੇ ਸੋਧ ਕਰਨ ਸਬੰਧੀ ਕੈਂਪ ਲਗਾਏ ਜਾਣਗੇ। ਉਹਨਾਂ ਜਿਲੇ ਦੇ ਪਿੰਡਾਂ ਵਿੱਚ ਪੈਂਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਲਈ ਚਲਾਈ ਜਾ ਰਹੀ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਨਵੀਆਂ ਵੋਟਾਂ ਬਣਵਾਈਆਂ ਜਾਣ।