ਮੋਹਾਲੀ ਅਦਾਲਤ ਨੇ ਜ਼ਬਰ-ਜਨਾਹ ਮਾਮਲੇ ‘ਚ ਸੁਣਾਇਆ ਵੱਡਾ ਫੈਸਲਾ, ਪਾਸਟਰ ਬਜਿੰਦਰ ਨੂੰ ਹੋਈ ਉਮਰ ਕੈਦ
ਮੋਹਾਲੀ- ਜਿਸ ਖ਼ਬਰ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਹੁਣ ਉਹ ਇੰਤਜ਼ਾਰ ਪੂਰਾ ਚੁੱਕਾ ਹੈ। ਦੱਸ ਦਈਏ ਕਿ ਮੋਹਾਲੀ ਅਦਾਲਤ ਨੇ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਮੋਹਾਲੀ ਕੋਰਟ ਵੱਲੋਂ ਜ਼ਬਰ-ਜਨਾਹ ਮਾਮਲੇ ਵਿੱਚ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ 7 ਸਾਲ ਪੁਰਾਣੇ ਮਾਮਲੇ ਵਿੱਚ ਅਦਾਲਤ ਨੇ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਪਾਸਟਰ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਉਸ ਨੂੰ ਇਹ ਸਜ਼ਾ ਧਾਰਾ 376 (2), 323 ਤੇ 506 ਤਹਿਤ ਸੁਣਾਈ ਗਈ ਹੈ।
Read Also- ਪੰਜਾਬ ਸਰਕਾਰ ਵੱਲੋਂ ਪੰਜਵੀਂ ਵਾਰ ਬਿਕਰਮ ਮਜੀਠੀਆ ਕੇਸ ’ਚ ਬਦਲੀ SIT
ਦੱਸ ਦਈਏ ਕਿ ਜ਼ੀਰਕਪੁਰ ਦੀ ਮਹਿਲਾ ਵੱਲੋਂ ਸਾਲ 2018 ਵਿਚ ਪਾਸਟਰ ਬਜਿੰਦਰ ਸਿੰਘ ‘ਤੇ ਜ਼ਬਰ-ਜਨਾਹ ਦੇ ਇਲਜ਼ਾਮ ਲੱਗੇ ਸਨ। ਮਹਿਲਾ 2018 ਤੋਂ ਇਹ ਕੇਸ ਲੜ ਰਹੀ ਸੀ। ਉਸ ਵੱਲੋ ਮੀਡੀਆ ਨਾਲ ਗੱਲਬਾਤ ਵੀ ਕੀਤੀ ਗਈ। ਗੱਲਬਾਤ ਦੌਰਾਨ ਉਸ ਵੱਲੋਂ ਮਾਣਯੋਗ ਅਦਾਲਤ ਉੱਤੇ ਭਰੋਸਾ ਜਤਾਇਆ ਗਿਆ ਸੀ ਜਿਸ ਉੱਤੇ ਅਦਾਲਤ ਖਰੀ ਉਤਰੀ ਨਜ਼ਰ ਆਈ ਹੈ। ਜ਼ਿਕਰਯੋਗ ਹੈ ਕਿ ਮਹਿਲਾ ਵੱਲੋਂ ਪਾਸਟਰ ਲਈ 20 ਸਾਲ ਦੀ ਸਜ਼ਾ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਵੱਲੋਂ ਇਸ ਨੂੰ ਉਮਰ ਕੈਦ ਦੀ ਸਜ਼ਾ ਵਜੋਂ ਸੁਣਾ ਦਿੱਤਾ ਗਿਆ।
ਮਹਿਲਾ ਦਾ ਦੱਸਣਾ ਸੀ ਕਿ ਪਾਸਟਰ ਇੱਕ ਦਰਿੰਦਾ ਹੈ। ਜਿਸ ਵੱਲੋਂ ਅਨੇਕਾਂ ਮਹਿਲਾਵਾਂ ਨਾਲ ਅਜਿਹੀਆਂ ਹਰਕਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਮਾਣਯੋਗ ਅਦਾਲਤ ਦੇ ਫ਼ੈਸਲੇ ਨੂੰ ਸ਼ਲਾਘਾਯੋਗ ਮੰਨਿਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਪਾਸਟਰ ਬਜਿੰਦਰ ਸਿੰਘ ਅਦਾਲਤ ਵਿੱਚ ਪੇਸ਼ ਹੋਇਆ ਸੀ। ਉਸ ਦਿਨ ਪੇਸ਼ੀ ਦੇ ਬਾਅਦ ਕੋਰਟ ਨੇ ਫੈਸਲੇ ਨੂੰ ਸੁਰੱਖਿਅਤ ਰੱਖ ਲਿਆ ਸੀ ਤੇ 28 ਮਾਰਚ ਨੂੰ ਮਾਮਲੇ ‘ਚ ਮੁੜ ਸੁਣਵਾਈ ਹੋਈ ਤੇ ਪਾਸਟਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਬਜਿੰਦਰ ਨੂੰ 3 ਦਿਨ ਪਹਿਲਾਂ ਦੋਸ਼ੀ ਕਰਾਰ ਦਿੰਦਿਆਂ ਉਸ ਨੂੰ ਪਟਿਆਲਾ ਜੇਲ੍ਹ ਭੇਜਿਆ ਗਿਆ ਸੀ।