ਫਾਜ਼ਿਲਕਾ ਪੁਲਿਸ ਨੇ ਕਰਵਾਇਆ ਜ਼ਿਲ੍ਹਾ ਪੱਧਰੀ ਓਪਨ ਖੇਡ ਟੂਰਨਾਮੈਂਟ

ਫਾਜ਼ਿਲਕਾ ਪੁਲਿਸ ਨੇ ਕਰਵਾਇਆ ਜ਼ਿਲ੍ਹਾ ਪੱਧਰੀ ਓਪਨ ਖੇਡ ਟੂਰਨਾਮੈਂਟ

ਫਾਜ਼ਿਲਕਾ, 10 ਫਰਵਰੀ

ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਾਜ਼ਿਲਕਾ ਪੁਲਿਸ ਵੱਲੋਂ ਐਸਐਸਪੀ ਸ: ਵਰਿੰਦਰ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਅੱਜ ਸ਼ਹੀਦ ਭਗਤ ਸਿੰਘ ਬਹੂਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਓਪਨ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦਾ ਉਦੇਸ਼ ਨੌਜਵਾਨਾਂ ਦੀ ਸ਼ਕਤੀ ਨੂੰ ਖੇਡਾਂ ਨਾਲ ਜੋੜਨਾ ਹੈ ਤਾਂ ਜੋ ਉਹਨਾਂ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰੱਖਿਆ ਜਾ ਸਕੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਜ਼ਿਲ੍ਹੇ ਦੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸ: ਅਵਤਾਰ ਸਿੰਘ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਸ੍ਰੀ ਕਰੁਨਾ ਨਿਧੀ, ਬੀ.ਐਸ.ਐਫ ਅਫਸਰ ਵੀ ਸਟੇਡੀਅਮ ਪਹੁੰਚੇ ਅਤੇ ਹੋਰ ਵੀ ਉੱਘੀਆਂ ਸ਼ਖ਼ਸੀਅਤਾਂ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ।
ਇਸ ਮੌਕੇ ਬੋਲਦਿਆਂ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਲੋਕਾਂ ਨਾਲ ਸਾਂਝ ਮਜਬੂਤ ਕਰਨ ਲਈ ਇੱਕ ਪਾਸੇ ਸੰਪਰਕ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਉੱਥੇ ਹੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਖ-ਵੱਖ ਇਲਾਕਿਆਂ ਵਿੱਚ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਅੱਜ ਜ਼ਿਲ੍ਹਾ ਪੁਲਿਸ ਵੱਲੋਂ 100 ਮੀਟਰ, 200 ਮੀਟਰ, 400 ਮੀਟਰ ਅਤੇ 1600 ਮੀਟਰ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਦੌੜਾਂ ਇੱਥੇ ਕਰਵਾਈਆਂ ਗਈਆਂ। ਇਸ ਤੋਂ ਬਿਨਾਂ ਮੁੰਡੇ ਅਤੇ ਕੁੜੀਆਂ ਦੇ ਪੰਜਾਬ ਸਟਾਈਲ ਕਬੱਡੀ ਅਤੇ ਨੈਸ਼ਨਲ ਸਟਾਈਲ ਕਬੱਡੀ ਦੇ ਮੁਕਾਬਲੇ ਵੀ ਹੋਏ। ਖੋ-ਖੋ ਦੇ ਵੀ ਮੁੰਡੇ ਅਤੇ ਕੁੜੀਆਂ ਦੇ ਮੈਚ ਕਰਵਾਏ ਗਏ। ਰੱਸਾਕਸ਼ੀ ਵਿੱਚ ਪੰਜਾਬ ਪੁਲਿਸ ਦੀਆਂ ਸਬ ਡਿਵੀਜ਼ਨ ਜਲਾਲਾਬਾਦ, ਫਾਜ਼ਿਲਕਾ, ਅਬੋਹਰ ਅਤੇ ਡੀਪੀਓ ਦਫਤਰ ਦੀ ਟੀਮ ਨੇ ਭਾਗ ਲਿਆ। ਇਸ ਤੋਂ ਬਿਨਾਂ ਰੱਸਾਕਸ਼ੀ ਵਿੱਚ ਸਕੂਲੀ ਬੱਚਿਆਂ ਦੀਆਂ ਟੀਮਾਂ ਦੇ ਮੁਕਾਬਲੇ ਵੀ ਹੋਏ ਅਤੇ ਲੰਬੀ ਛਾਲ ਤੇ ਉੱਚੀ ਛਾਲ ਦੇ ਮੁਕਾਬਲੇ ਵੀ ਕਰਵਾਏ ਗਏ। ਅਕਾਲ ਅਕੈਡਮੀ ਥੇਹ ਕਲੰਦਰ ਦੇ ਵਿਦਿਆਰਥੀਆਂ ਵੱਲੋਂ ਗਤਕਾ ਪੇਸ਼ ਕੀਤਾ। ਗਾਇਕ ਜਸਵਿੰਦਰ ਜੱਸੀ ਵੱਲੋਂ ਰੰਗਾ ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਦਿੱਤੀ ਗਈ ਅਤੇ ਸਕੂਲੀ ਬੱਚਿਆਂ ਵੱਲੋਂ ਯੋਗਾ ਦੇ ਆਸਨ ਵੀ ਕਰਵਾਏ ਗਏ । ਇਸ ਮੌਕੇ ਸਿੱਖਿਆ ਵਿਭਾਗ ਦੇ ਵੱਖ ਵਖ ਸਕੂਲਾਂ ਤੋਂ ਬੱਡੀ ਪ੍ਰੋਗਰਾਮ ਦੇ ਤਹਿਤ ਵਿਦਿਆਰਥੀ ਵੀ ਇਸ ਖੇਡ ਮੇਲੇ ਦਾ ਹਿੱਸਾ ਬਣੇ ਅਤੇ ਉਨਾਂ ਨੇ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲਿਆ। ਕੁਸ਼ਤੀ ਮੁਕਾਬਲੇ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।
 ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਅੱਗੇ ਵੀ ਇਸੇ ਤਰ੍ਹਾਂ ਦੇ ਖੇਡ ਮੁਕਾਬਲੇ ਕਰਵਾਉਂਦੀ ਰਹੇਗੀ ਤਾਂ ਜੋ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ। ਉਹਨਾਂ ਨੇ ਕਿਹਾ ਕਿ ਸਾਡੇ ਨੌਜਵਾਨ ਹਰ ਚੁਣੌਤੀ ਦਾ ਮੁਕਾਬਲਾ ਕਰਨ ਦੇ ਸਮਰੱਥ ਹਨ ਅਤੇ ਉਹਨਾਂ ਵਿੱਚ ਹੁਨਰ ਦੀ ਕੋਈ ਘਾਟ ਨਹੀਂ ਹੈ ਅਤੇ ਇਸ ਤਰ੍ਹਾਂ ਦੇ ਮੁਕਾਬਲੇ ਉਹਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਦੇ ਹਨ।
ਵੱਖ-ਵੱਖ ਖੇਡਾਂ ਦੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਇਸ ਮੌਕੇ ਸ੍ਰੀ ਰਮਨੀਸ਼ ਕੁਮਾਰ ਐਸ.ਪੀ (ਸਥਾਨਿਕ) ਫਾਜ਼ਿਲਕਾ, ਸ੍ਰੀ ਪ੍ਰਦੀਪ ਸਿੰਘ ਸੰਧੂ ਐਸ.ਪੀ (ਇਨਵੈਸਟੀਗੇਸ਼ਨ) ਫਾਜ਼ਿਲਕਾ, ਸ੍ਰੀ ਬਰਜਿੰਦਰ ਸਿੰਘ ਡੀਐਸਪੀ ਕ੍ਰਾਈਮ ਅਗੈਂਸਟ ਵੋਮੈਨ ਫਾਜ਼ਿਲਕਾ, ਸ੍ਰੀ ਤਰਸੇਮ ਮਸੀਹ, ਡੀਐਸਪੀ ਸਬ ਡਵੀਜ਼ਨ ਫਾਜ਼ਿਲਕਾ, ਸ੍ਰੀ ਜਤਿੰਦਰ ਸਿੰਘ, ਡੀਐਸਪੀ ਸਬ ਡਵੀਜ਼ਨ ਜਲਾਲਾਬਾਦ, ਸ੍ਰੀ ਤੇਜਿੰਦਰਪਾਲ ਸਿੰਘ ਡੀਐਸਪੀ ਸਬ ਡਵੀਜ਼ਨ ਅਬੋਹਰ ਦਿਹਾਤੀ ਅਤੇ ਫਾਜ਼ਿਲਕਾ ਪੁਲਿਸ ਦੇ ਹੋਰ ਵੀ ਅਧਿਕਾਰੀ ਅਤੇ ਕਰਮਚਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

Tags: