ਗਰਮੀਆਂ ਵਿੱਚ ਪਸ਼ੂਆਂ ਨੂੰ ਲੂ-ਲੱਗਣ ਦੇ ਸੰਭਾਵਿਤ ਖਤਰੇ ਤੋਂ ਬਚਾਉਣ ਲਈ ਵਿਸ਼ੇਸ਼ ਧਿਆਨ ਦੇਣ ਦੀ ਲੋੜ
ਮੋਗਾ, 12 ਅਪ੍ਰੈਲ,
ਜਿਵੇਂ ਜਿਵੇਂ ਗਰਮੀ ਦਾ ਮੌਸਮ ਆ ਰਿਹਾ ਹੈ, ਦਿਨ ਦੇ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਆਉਣ ਵਾਲੇ ਕੁਝ ਦਿਨਾਂ ਵਿੱਚ ਇਹ ਤਾਪਮਾਨ 45-47 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ, ਅਜਿਹੇ ਵਿੱਚ ਪਸ਼ੂਆਂ ਦੀ ਸਿਹਤ ਤੇ ਮਾੜਾ ਅਸਰ ਪੈ ਸਕਦਾ ਹੈ । ਪਸ਼ੂਆਂ ਨੂੰ ਲੂ-ਲੱਗਣ (ਹੀਟ ਵੇਵ) ਦੇ ਖਤਰੇ ਤੋਂ ਬਚਾਉਣ ਲਈ ਡਾ. ਹਰਵੀਨ ਕੌਰ ਧਾਲੀਵਾਲ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਵੱਲੋਂ ਪਸ਼ੂ ਪਾਲਕਾਂ ਲਈ ਐਡਵਾਈਜਰੀ ਜਾਰੀ ਕੀਤੀ ਗਈ ਹੈ।
ਇਸ ਐਡਵਾਈਜਰੀ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜੇਕਰ ਪਸ਼ੂਆਂ ਨੂੰ ਖੁੱਲ੍ਹੀ ਜਗ੍ਹਾ ਵਿੱਚ ਰੱਖਿਆ ਹੋਵੇ ਤਾਂ ਪਸ਼ੂਆਂ ਨੂੰ ਹਰ ਵੇਲੇ ਛਾਂ ਵਿੱਚ ਰੱਖਣ ਦਾ ਯਤਨ ਕਰੋ । ਜੇਕਰ ਪਸ਼ੂਆਂ ਨੂੰ ਸ਼ੈਡ ਵਿੱਚ ਰੱਖਿਆ ਗਿਆ ਹੈ ਤਾਂ ਸ਼ੈਡ ਦੇ ਅੰਦਰ ਪੱਖੇ, ਕੂਲਰ ਆਦਿ ਚਲਾਏ ਜਾਣ ਅਤੇ ਦੁਪਹਿਰੇ 12 ਵਜੇ ਤੋਂ 4 ਵਜੇ ਤੱਕ ਫੁਹਾਰੇ ਜਾਂ ਫੌਗਰ ਚਲਾਏ ਜਾਣ ਕਿੳਂਕਿ ਇਸ ਵੇਲੇ ਦੌਰਾਨ ਗਰਮੀ ਦਾ ਪ੍ਰਕੋਪ ਬਹੁਤ ਜਿਆਦਾ ਹੁੰਦਾ ਹੈ । ਹਰ ਕਿਸਮ ਦੇ ਪਸ਼ੂ ਨੂੰ 24 ਘੰਟੇ ਪੀਣ ਲਈ ਤਾਜਾ ਅਤੇ ਠੰਡਾ ਪਾਣੀ ਉਪਲਬਧ ਹੋਣਾ ਚਾਹੀਦਾ ਹੈ । ਦਿਨ ਵਿੱਚ 2 ਜਾਂ 3 ਵਾਰ ਮੋਟਰ ਚਲਾ ਕੇ ਖੇਲ ਵਿੱਚ ਤਾਜਾ ਪਾਣੀ ਭਰ ਦੇਣਾ ਚਾਹੀਦਾ ਹੈ । ਜਿਹੜੇ ਪਸ਼ੂ ਸਾਰਾ ਦਿਨ ਕਿੱਲੇ ਨਾਲ ਬੰਨ੍ਹ ਕੇ ਰੱਖੇ ਜਾਂਦੇ ਹਨ, ਉਹਨਾਂ ਨੂੰ ਦਿਨ ਵਿੱਚ ਘੱਟੋ-ਘੱਟ 6-7 ਵਾਰੀ ਖੋਲ ਕੇ ਪਾਣੀ ਦੀ ਖੇਲ ਤੱਕ ਲੈ ਕੇ ਜਾਣਾ ਚਾਹੀਦਾ ਹੈ । ਪਸ਼ੂਆਂ ਨੂੰ ਚਾਰਾ ਜਾਂ ਖੁਰਾਕ ਖਾਣ ਤੋਂ ਬਾਅਦ ਅਤੇ ਧਾਰ ਕੱਢਣ ਤੋਂ ਬਾਅਦ ਇਕ ਦਮ ਜਿਆਦਾ ਪਿਆਸ ਲਗਦੀ ਹੈ, ਇਹਨਾਂ ਦੋਨਾਂ ਮੌਕਿਆਂ ਤੇ ਪਸ਼ੂਆਂ ਨੂੰ ਪਾਣੀ ਦੀ ਖੇਲ ਕੋਲ ਕੁੱਝ ਸਮਾਂ ਖੁੱਲ੍ਹਾ ਜਰੂਰ ਛੱਡੋ ਤਾਂ ਜੋ ਉਹ ਰੱਜ ਕੇ ਪਾਣੀ ਪੀ ਸਕਣ । ਪਸ਼ੂਆਂ ਦੀ ਸਿਹਤ ੳੱੁਪਰ ਗਰਮੀ ਦੇ ਪ੍ਰਭਾਵ ਨੂੰ ਘਟਾਉਣ ਲਈ ਪਸ਼ੂਆਂ ਨੂੰ ਦਿਨ ਵਿੱਚ 2 ਵਾਰੀ ਜਰੂਰ ਨੁਹਾਉਣਾ ਚਾਹੀਦਾ ਹੈ ।
ਉਹਨਾਂ ਅੱਗੇ ਦੱਸਿਆ ਕਿ ਪਸ਼ੂਆਂ ਨੂੰ ਸਵੇਰੇ ਜਲਦੀ ਅਤੇ ਸ਼ਾਮ ਨੂੰ ਲੇਟ ਠੰਡੇ ਵੇਲੇ ਖੁਰਾਕ ਦਿੳ । ਦਿਨ ਵੇਲੇ ਗਰਮੀ ਦਾ ਪ੍ਰਕੋਪ ਜਿਆਦਾ ਹੋਣ ਕਾਰਨ ਪਸ਼ੂ ਨੂੰ ਭੁੱਖ ਘੱਟ ਲਗਦੀ ਹੈ । ਰਾਤ ਨੂੰ ਸ਼ੈਡ ਵਿੱਚ ਮੱਧਮ ਰੋਸ਼ਨੀ ਦਾ ਪ੍ਰਬੰਧ ਕਰਕੇ ਖੁਰਲੀਆਂ ਵਿੱਚ ਚਾਰਾ ਅਤੇ ਖੁਰਾਕ ਭਰ ਕੇ ਰੱਖੋ ਤਾਂ ਜੋ ਪਸ਼ੂ ਰਾਤ ਨੂੰ ਵੱਧ ਖੁਰਾਕ ਖਾ ਸਕਣ । ਗਰਮੀ ਦੇ ਪ੍ਰਭਾਵ ਨੂੰ ਘਟਾਉਣ ਲਈ ਪਸ਼ੂ ਦੀ ਫੀਡ ਵਿੱਚ ਰੋਜਾਨਾ 10 ਗ੍ਰਾਮ ਆਮਲਾ ਪਾਊਡਰ ਪ੍ਰਤੀ ਪਸ਼ੂ ਪ੍ਰਤੀ ਦਿਨ ਵਰਤੋਂ ਕਰੋ । ਇਸ ਤੋਂ ਇਲਾਵਾ ਵਿਟਾਮਿਨ ਏ ਅਤੇ ਵਿਟਾਮਿਨ ਡੀ-3 ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ । ਗਰਮੀ ਵੱਧਣ ਕਾਰਨ ਪਸ਼ੂ ਵਿੱਚ ਮਾਨਸਿਕ ਤਨਾਅ ਵੱਧ ਜਾਂਦਾ ਹੈ, ਜਿਸ ਤੋਂ ਬਚਣ ਲਈ ਹਰੇਕ ਪਸ਼ੂ ਨੂੰ ਕਿਸੇ ਚੰਗੀ ਕੁਆਲਿਟੀ ਦਾ ਮਿਨਰਲ ਮਿਕਸਰ ਜਾਂ ਧਾਤਾਂ ਦਾ ਚੂਰਾ 50 ਗ੍ਰਾਮ ਪ੍ਰਤੀ ਪਸ਼ੂ ਪ੍ਰਤੀ ਦਿਨ ਖੁਰਾਕ ਵਿੱਚ ਜਰੂਰ ਸ਼ਾਮਲ ਕਰੋ । ਦੁਧਾਰੂ ਪਸ਼ੂਆਂ ਦੀ ਖੁਰਾਕ ਵਿੱਚ ਪ੍ਰੋਟੀਨ ਅਤੇ ਊਰਜਾ ਦੀ ਮਾਤਰਾ ਵਧਾਉਣ ਲਈ ਮਾਹਿਰਾਂ ਦੀ ਸਲਾਹ ਅਨੁਸਾਰ ਸਰੋਂ ਦੀ ਖਲ, ਵੜੇਵੇਂ ਅਤੇ ਬਾਈਪਾਸ ਫੈਟ ਦੀ ਵਰਤੋਂ ਕੀਤੀ ਜਾ ਸਕਦੀ ਹੈ । ਦੁਧਾਰੂ ਪਸ਼ੂਆਂ ਵਿੱਚ ਮਾਨਸਿਕ ਤਨਾਅ ਵੱਧਣ ਕਾਰਨ ਦੁੱਧ ਦੀ ਪੈਦਾਵਾਰ, ਫੈਟ ਅਤੇ ਗਰੈਵਿਟੀ ਉੱਪਰ ਮਾੜਾ ਅਸਰ ਜਰੂਰ ਪੈਂਦਾ ਹੈ, ਇਸ ਤੋਂ ਬਚਣ ਲਈ ਹਰ ਦੁਧਾਰੂ ਪਸ਼ੂ ਦੀ ਖੁਰਾਕ ਵਿੱਚ ਰੋਜਾਨਾ 125 ਗ੍ਰਾਮ ਯੀਸਟ ਪ੍ਰਤੀ ਕੁਇੰਟਲ ਫੀਡ ਵਿੱਚ ਜਰੂਰ ਸ਼ਾਮਲ ਕਰੋ ।
ਪਸ਼ੂਆਂ ਨੂੰ ਮਲੱਪ ਰਹਿਤ ਗੋਲੀਆਂ ਦਿਉ ਅਤੇ ਸਮੇਂ ਸਮੇਂ ਤੇ ਵਿਭਾਗ ਵਲੋਂ ਲਗਾਈ ਜਾਣ ਵਾਲੀ ਮੂੰਹ-ਖੁਰ ਅਤੇ ਗਲ-ਘੋਟੂ ਦੀ ਵੈਕਸੀਨ ਜਰੂਰ ਲਗਵਾਉ । ਗਰਮੀਆਂ ਵਿੱਚ ਸ਼ੈਡ ਦੇ ਆਸ ਪਾਸ ਮੱਖੀਆਂ, ਮੱਛਰ ਅਤੇ ਚਿੱਚੜ ਬਹੁਤ ਪਨਪਦੇ ਹਨ, ਅਤੇ ਇਹ ਪਸ਼ੂਆਂ ਵਿੱਚ ਖੂਨ ਦੀ ਕਮੀ, ਲਹੂ ਮੂਤਣਾ, ਤੇਜ ਬੁਖਾਰ ਵਰਗੀਆਂ ਭਿਆਨਕ ਬੀਮਾਰੀਆਂ ਨੂੰ ਸੱਦਾ ਦਿੰਦੇ ਹਨ, ਸੋ ਇਹਨਾਂ ਦੀ ਰੋਕਥਾਮ ਲਈ ਫਾਰਮ ਵਿੱਚ ਸਾਫ ਸਫਾਈ ਰੱਖੋ ਅਤੇ ਆਪਣੇ ਨੇੜੇ ਦੇ ਵੈਟਨਰੀ ਡਾਕਟਰ ਦੀ ਸਲਾਹ ਨਾਲ ਚਿੱਚੜਾਂ ਦੀ ਦਵਾਈ ਪਸ਼ੂਆਂ ਨੂੰ ਮਲੀ ਜਾ ਸਕਦੀ ਹੈ, ਇਸ ਤੋਂ ਇਲਾਵਾ ਮਾਹਿਰਾਂ ਦੀ ਸਲਾਹ ਅਨੁਸਾਰ ਸ਼ੈਡ ਵਿੱਚ ਕੀਟਨਾਸ਼ਕ ਸਪ੍ਰੇ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ।
ਅੰਤ ਵਿੱਚ ਡਾ. ਹਰਵੀਨ ਕੌਰ ਧਾਲੀਵਾਲ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਨੇ ਦੱਸਿਆ ਕਿ ਪਸ਼ੂ ਪਾਲਕ ਕਿਸੇ ਕਿਸਮ ਦੀ ਮੁਸ਼ਕਿਲ ਵਿੱਚ ਜਾਂ ਕਿਸੇ ਪਸ਼ੂ ਦੇ ਬੀਮਾਰ ਹੋਣ ਦੀ ਹਾਲਤ ਵਿੱਚ ਆਪਣੇ ਨੇੜੇ ਦੀ ਪਸ਼ੂ ਸੰਸਥਾ ਨਾਲ ਜਰੂਰ ਸੰਪਰਕ ਕਰਨ ।