ਰਾਮਕਲੀ ਮਹਲਾ ੫ ॥
ਭੇਟਤ ਸੰਗਿ ਪਾਰਬ੍ਰਹਮੁ ਚਿਤਿ ਆਇਆ ॥ ਸੰਗਤਿ ਕਰਤ ਸੰਤੋਖੁ ਮਨਿ ਪਾਇਆ ॥ ਸੰਤਹ ਚਰਨ ਮਾਥਾ ਮੇਰੋ ਪਉਤ ॥ ਅਨਿਕ ਬਾਰ ਸੰਤਹ ਡੰਡਉਤ ॥੧॥ ਇਹੁ ਮਨੁ ਸੰਤਨ ਕੈ ਬਲਿਹਾਰੀ ॥ ਜਾ ਕੀ ਓਟ ਗਹੀ ਸੁਖੁ ਪਾਇਆ ਰਾਖੇ ਕਿਰਪਾ ਧਾਰੀ ॥੧॥ ਰਹਾਉ ॥ ਸੰਤਹ ਚਰਣ ਧੋਇ ਧੋਇ ਪੀਵਾ ॥ ਸੰਤਹ ਦਰਸੁ ਪੇਖਿ ਪੇਖਿ ਜੀਵਾ ॥ ਸੰਤਹ ਕੀ ਮੇਰੈ ਮਨਿ ਆਸ ॥ ਸੰਤ ਹਮਾਰੀ ਨਿਰਮਲ ਰਾਸਿ ॥੨॥ ਸੰਤ ਹਮਾਰਾ ਰਾਖਿਆ ਪੜਦਾ ॥ ਸੰਤ ਪ੍ਰਸਾਦਿ ਮੋਹਿ ਕਬਹੂ ਨ ਕੜਦਾ ॥ ਸੰਤਹ ਸੰਗੁ ਦੀਆ ਕਿਰਪਾਲ ॥ ਸੰਤ ਸਹਾਈ ਭਏ ਦਇਆਲ ॥੩॥ ਸੁਰਤਿ ਮਤਿ ਬੁਧਿ ਪਰਗਾਸੁ ॥ ਗਹਿਰ ਗੰਭੀਰ ਅਪਾਰ ਗੁਣਤਾਸੁ ॥ ਜੀਅ ਜੰਤ ਸਗਲੇ ਪ੍ਰਤਿਪਾਲ ॥ ਨਾਨਕ ਸੰਤਹ ਦੇਖਿ ਨਿਹਾਲ ॥੪॥੧੦॥੨੧॥
ਸ਼ੁੱਕਰਵਾਰ, ੧੬ ਭਾਦੋਂ (ਸੰਮਤ ੫੫੫ ਨਾਨਕਸ਼ਾਹੀ) ੧ ਸਤੰਬਰ, ੨੦੨੩ (ਅੰਗ: ੮੮੯)
ਰਾਮਕਲੀ ਮਹਲਾ ੫ ॥
ਹੇ ਭਾਈ! ਸੰਤ ਜਨਾਂ ਨਾਲ ਮਿਲਦਿਆਂ ਪਰਮਾਤਮਾ (ਮੇਰੇ) ਚਿਤ ਵਿਚ ਆ ਵੱਸਿਆ ਹੈ, ਸੰਤ ਜਨਾਂ ਦੀ ਸੰਗਤਿ ਕਰਦਿਆਂ ਮੈਂ ਮਨ ਵਿਚ ਸੰਤੋਖ ਪ੍ਰਾਪਤ ਕਰ ਲਿਆ ਹੈ । (ਪ੍ਰਭੂ ਮੇਹਰ ਕਰੇ) ਮੇਰਾ ਮੱਥਾ ਸੰਤ ਜਨਾਂ ਦੇ ਚਰਨਾਂ ਤੇ ਪਿਆ ਰਹੇ, ਮੈਂ ਅਨੇਕਾਂ ਵਾਰੀ ਸੰਤ ਜਨਾਂ ਨੂੰ ਨਮਸਕਾਰ ਕਰਦਾ ਹਾਂ ।੧। ਹੇ ਭਾਈ! ਮੇਰਾ ਇਹ ਮਨ ਸੰਤ-ਜਨਾਂ ਤੋਂ ਸਦਕੇ ਜਾਂਦਾ ਹੈ, ਜਿਨ੍ਹਾਂ ਦਾ ਆਸਰਾ ਲੈ ਕੇ ਮੈਂ (ਆਤਮਕ) ਆਨੰਦ ਹਾਸਲ ਕੀਤਾ ਹੈ । ਸੰਤ ਜਨ ਕਿਰਪਾ ਕਰ ਕੇ (ਵਿਕਾਰ ਆਦਿਕਾਂ ਤੋਂ) ਰੱਖਿਆ ਕਰਦੇ ਹਨ ।੧।ਰਹਾਉ। ਹੇ ਭਾਈ! (ਜੇ ਪ੍ਰਭੂ ਕਿਰਪਾ ਕਰੇ, ਤਾਂ) ਮੈਂ ਸੰਤ ਜਨਾਂ ਦੇ ਚਰਨ ਧੋ ਧੋ ਕੇ ਪੀਂਦਾ ਰਹਾਂ, ਸੰਤ ਜਨਾਂ ਦਾ ਦਰਸਨ ਕਰ ਕਰ ਕੇ ਮੈਨੂੰ ਆਤਮਕ ਜੀਵਨ ਮਿਲਦਾ ਰਹਿੰਦਾ ਹੈ । ਮੇਰੇ ਮਨ ਵਿਚ ਸੰਤ ਜਨਾਂ ਦੀ ਸਹਾਇਤਾ ਦਾ ਧਰਵਾਸ ਬਣਿਆ ਰਹਿੰਦਾ ਹੈ, ਸੰਤ ਜਨਾਂ ਦੀ ਸੰਗਤਿ ਹੀ ਮੇਰੇ ਵਾਸਤੇ ਪਵਿੱਤ੍ਰ ਸਰਮਾਇਆ ਹੈ ।੨। ਹੇ ਭਾਈ! ਸੰਤ ਜਨਾਂ ਨੇ (ਵਿਕਾਰ ਆਦਿਕਾਂ ਤੋਂ) ਮੇਰੀ ਇੱਜ਼ਤ ਬਚਾ ਲਈ ਹੈ, ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ ਕਦੇ ਭੀ ਕੋਈ ਚਿੰਤਾ-ਫ਼ਿਕਰ ਨਹੀਂ ਵਿਆਪਦਾ । ਕਿਰਪਾ ਦੇ ਸੋਮੇ ਪਰਮਾਤਮਾ ਨੇ ਆਪ ਹੀ ਮੈਨੂੰ ਸੰਤ ਜਨਾਂ ਦਾ ਸਾਥ ਬਖ਼ਸ਼ਿਆ ਹੈ । ਜਦੋਂ ਸੰਤ ਜਨ ਮਦਦਗਾਰ ਬਣਦੇ ਹਨ, ਤਾਂ ਪ੍ਰਭੂ ਦਇਆਵਾਨ ਹੋ ਜਾਂਦਾ ਹੈ ।੩। (ਹੇ ਭਾਈ! ਸੰਤ ਜਨਾਂ ਦੀ ਸੰਗਤਿ ਦੀ ਬਰਕਤਿ ਨਾਲ ਮੇਰੀ) ਸੁਰਤਿ ਵਿਚ ਮਤਿ ਵਿਚ ਬੁੱਧਿ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ । ਹੇ ਨਾਨਕ! ਅਥਾਹ, ਬੇਅੰਤ, ਗੁਣਾਂ ਦਾ ਖ਼ਜ਼ਾਨਾ, ਅਤੇ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਪਰਮਾਤਮਾ (ਆਪਣੇ) ਸੰਤ ਜਨਾਂ ਨੂੰ ਵੇਖ ਕੇ ਲੂੰ-ਲੂੰ ਖ਼ੁਸ਼ ਹੋ ਜਾਂਦਾ ਹੈ ।੪।੧੦।੨੧।