ਪੰਜਾਬ ‘ਚ ਆਉਣ ਵਾਲੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਵਲੋਂ 22 ਮਈ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਬੀਤੇ ਦਿਨੀਂ ਪਏ ਮੀਂਹ ਕਾਰਨ ਸੂਬੇ ਦੇ ਤਾਪਮਾਨ ‘ਚ 61. ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ। ਬੀਤੇ ਦਿਨ ਸੂਬੇ ਦਾ ਸਭ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਗੁਰਦਾਸਪੁਰ ਦਾ ਦਰਜ ਕੀਤਾ ਗਿਆ।
ਪਾਰਾ ਡਿੱਗਣ ਦਾ ਅੰਕੜਾ ਦੱਸਦਾ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਘੱਟ ਰਿਹਾ। ਦੱਸਣਯੋਗ ਹੈ ਕਿ ਬੁੱਧਵਾਰ ਦਿਨ ਵੇਲੇ ਪਈ ਤੇਜ਼ ਧੁੱਪ ਤੇ ਗਰਮੀ ਕਾਰਨ ਜਿੱਥੇ ਲੋਕ ਹਾਲੋਂ-ਬੇਹਾਲ ਸਨ, ਉੱਥੇ ਰਾਤ ਨੂੰ ਚੱਲੀ ਤੇਜ਼ ਹਨ੍ਹੇਰੀ ਅਤੇ ਮੀਂਹ ਨੇ ਪਾਰਾ ਇੱਕਦਮ ਹੇਠਾਂ ਨੂੰ ਡਿਗਾ ਦਿੱਤਾ।
ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਜ਼ਿਲ੍ਹੇ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ‘ਚ ਅੰਸ਼ਕ ਤੌਰ ‘ਤੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਤੇਜ਼ ਹਨ੍ਹੇਰੀ ਅਤੇ ਮੀਂਹ ਕਾਰਨ ਆਮ ਲੋਕਾਂ ਨੇ ਗਰਮੀ ਤੋ ਰਾਹਤ ਮਹਿਸੂਸ ਕੀਤੀ ਹੈ।