ਪੰਜਾਬ ’ਚ ਬਿਜਲੀ ਦੀ ਮੰਗ ਨੇ ਪੁਰਾਣੇ ਰਿਕਾਰਡ ਤੋੜੇ
ਝੋਨੇ ਦੀ ਲਵਾਈ ਤੋਂ ਪਹਿਲਾਂ ਹੀ ਬਿਜਲੀ ਦੀ ਖ਼ਪਤ ਸਿਖ਼ਰ ਛੂਹਣ ਲੱਗੀ
ਝੋਨੇ ਦੀ ਲਵਾਈ ਪਹਿਲੀ ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ
ਝੋਨੇ ਦੀ ਲਵਾਈ ਪਹਿਲੀ ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਹੀ ਬਿਜਲੀ ਦੀ ਮੰਗ ਵਧ ਗਈ ਹੈ ਇਕੱਲੇ ਅਪਰੈਲ ਮਹੀਨੇ ਦੇ ਵਿਚ ਹੀ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਹੈ ਤੇ ਸਰਕਾਰ ਦੇ ਅੱਗੇ ਬਿਜਲੀ ਦੀ ਪੂਰਤੀ ਵੱਡੀ ਚੁਣੌਤੀ ਰਹੇਗੀ ਕਿਉਂਕਿ ਹੁਣ ਤੋਂ ਹੀ ਲੋਕਾਂ ਨੂੰ ਬਿਜਲੀ ਦੇ ਵੱਡੇ-ਵੱਡੇ ਕੱਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ
ਬੀਤੇ ਕੱਲ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ ਬਿਜਲੀ ਦੀ ਮੰਗ 10,419 ਮੈਗਾਵਾਟ ਨੂੰ ਛੂਹ ਗਈ ਜਦੋਂਕਿ ਬੁੱਧਵਾਰ ਨੂੰ ਇਹ ਮੰਗ 10,298 ਮੈਗਾਵਾਟ ਸੀ।
ਪੰਜਾਬ ਸਰਕਾਰ ਲਈ ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਪੂਰਤੀ ਕਰਨਾ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗਾ। ਇਸ ਅਪਰੈਲ ਦੇ 23 ਦਿਨਾਂ ਦੌਰਾਨ ਬਿਜਲੀ ਦੀ ਖ਼ਪਤ 10 ਫ਼ੀਸਦੀ ਵਧੀ ਹੈ। 21 ਅਪਰੈਲ ਨੂੰ ਬਿਜਲੀ ਦੀ ਖ਼ਪਤ ਵਿੱਚ 18 ਫ਼ੀਸਦੀ ਤੇ ਬਿਜਲੀ ਦੀ ਮੰਗ ਵਿੱਚ 14 ਫ਼ੀਸਦੀ ਵਾਧਾ ਹੋਇਆ। 23 ਅਪਰੈਲ ਵਾਲੇ ਦਿਨ ਬਿਜਲੀ ਦੀ ਖ਼ਪਤ ਵਿੱਚ 27 ਫ਼ੀਸਦੀ ਦਾ ਵਾਧਾ ਹੋਇਆ। ਪਿਛਲੇ ਵਰ੍ਹੇ 26 ਅਪਰੈਲ ਨੂੰ ਸਭ ਤੋਂ ਵੱਧ ਬਿਜਲੀ ਦੀ ਮੰਗ 9926 ਮੈਗਾਵਾਟ ਸੀ।
ਇਸ ਤੋਂ ਜਾਪਦਾ ਹੈ ਕਿ ਝੋਨੇ ਦੇ ਸੀਜ਼ਨ ’ਚ ਇਹ ਮੰਗ ਪਿਛਲੇ ਸਾਲ ਨੂੰ ਪਿਛਾਂਹ ਛੱਡ ਦੇਵੇਗੀ। ਅੰਦਾਜ਼ਾ ਹੈ ਕਿ ਪਹਿਲੀ ਮਈ ਤੱਕ ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਜਾਵੇਗੀ। ਲੰਘੇ ਸਾਲ 19 ਜੂਨ ਨੂੰ ਬਿਜਲੀ ਦੀ ਰਿਕਾਰਡ 16,078 ਮੈਗਾਵਾਟ ਮੰਗ ਸੀ ਅਤੇ ਐਤਕੀਂ ਇਹੋ ਮੰਗ ਪੀਕ ਸੀਜ਼ਨ ’ਚ 17 ਹਜ਼ਾਰ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਕਈ ਵਰ੍ਹਿਆਂ ਤੋਂ ਬਿਜਲੀ ਦੀ ਮੰਗ ਵਿੱਚ ਹਰ ਸਾਲ ਪੀਕ ਸੀਜ਼ਨ ’ਚ ਕਰੀਬ 800 ਮੈਗਾਵਾਟ ਵਧ ਰਹੀ ਹੈ।
ਸਾਲ 2024-25 ਵਿੱਚ ਬਿਜਲੀ ਦੀ ਖ਼ਪਤ 11 ਫ਼ੀਸਦੀ ਵਧੀ ਸੀ ਜਦੋਂਕਿ ਉਸ ਤੋਂ ਪਹਿਲਾਂ 2023-24 ਵਿੱਚ ਬਿਜਲੀ ਦੀ ਖ਼ਪਤ ਸਿਰਫ਼ ਇੱਕ ਫ਼ੀਸਦੀ ਵਧੀ ਸੀ। ਗਰਮੀ ਵਧਣ ਮਗਰੋਂ ਘਰੇਲੂ ਖੇਤਰ ’ਚ ਏਸੀ ਚਾਲੂ ਹੋਣ ਕਰ ਕੇ ਬਿਜਲੀ ਦੀ ਮੰਗ ਇਕਦਮ ਵਧੀ ਹੈ। ਬਿਜਲੀ ਦੀ ਵਧੀ ਮੰਗ ਸਰਕਾਰ ’ਤੇ ਸਬਸਿਡੀ ਦਾ ਬੋਝ ਵੀ ਵਧਾਏਗੀ।
ਐਤਕੀਂ ਝੋਨੇ ਦੀ ਲਵਾਈ ਵੀ ਅਗੇਤੀ ਕੀਤੀ ਗਈ ਹੈ। ਇਸ ਕਰ ਕੇ ਬਿਜਲੀ ਦੀ ਖ਼ਪਤ ਖੇਤੀ ਸੈਕਟਰ ’ਚ ਹੋਰ ਵਧ ਸਕਦੀ ਹੈ। ਪਾਵਰਕੌਮ ਤਰਫ਼ੋਂ ਇਸ ਵਾਰ 17 ਹਜ਼ਾਰ ਮੈਗਾਵਾਟ ਬਿਜਲੀ ਦੀ ਮੰਗ ਦੇ ਹਿਸਾਬ ਨਾਲ ਪ੍ਰਬੰਧ ਕੀਤੇ ਗਏ ਹਨ। ਜੂਨ ਮਹੀਨੇ ਵਿੱਚ 6500-6700 ਮੈਗਾਵਾਟ ਬਿਜਲੀ ਦੀ ਪੈਦਾਵਾਰ ਪੰਜਾਬ ’ਚੋਂ ਹੋਵੇਗੀ ਜਦੋਂਕਿ 10,300 ਮੈਗਾਵਾਟ ਦੇ ਪ੍ਰਬੰਧ ਬਾਹਰੋਂ ਕੀਤੇ ਜਾਣੇ ਹਨ। ਪਾਵਰਕੌਮ ਨੇ 2600-2700 ਮੈਗਾਵਾਟ ਬਿਜਲੀ ਬੈਂਕਿੰਗ ਜ਼ਰੀਏ ਲੈਣੀ ਹੈ ਜਦੋਂਕਿ ਮੌਕੇ ਦੀ ਮੰਗ ਅਨੁਸਾਰ ਬਿਜਲੀ ਐਕਸਚੇਂਜ ’ਚੋਂ ਪ੍ਰਾਪਤ ਕੀਤੀ ਜਾਣੀ ਹੈ।
ਮਾਹਿਰ ਆਖਦੇ ਹਨ ਕਿ ਆਮ ਤੌਰ ’ਤੇ ਸਾਲਾਨਾ ਬਿਜਲੀ ਦੀ ਮੰਗ 5 ਤੋਂ 7 ਫ਼ੀਸਦੀ ਤੱਕ ਵਧਣੀ ਜਾਇਜ਼ ਹੈ ਪਰ 10 ਫ਼ੀਸਦੀ ਤੋਂ ਜ਼ਿਆਦਾ ਵਧਣ ਦੇ ਸੰਕੇਤ ਵੱਖਰੇ ਹਨ। ਇਸ ਹਾਲਾਤ ’ਚ ਨਵੇਂ ਤਾਪ ਬਿਜਲੀ ਘਰ ਲਗਾਏ ਜਾਣ ਦੀ ਲੋੜ ਪਵੇਗੀ।
ਤੇ ਓਧਰ ਬਿਜਲੀ ਦੀ ਵਧਦੀ ਮੰਗ ਦੇ ਮੱਦੇਨਜ਼ਰ ਪਾਵਰਕੌਮ ਦੇ ਅਧਿਕਾਰੀ ਆਖਦੇ ਹਨ ਕਿ ਤਾਪ ਬਿਜਲੀ ਘਰਾਂ ਵਿੱਚ ਕੋਲੇ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਗੋਇੰਦਵਾਲ ਤਾਪ ਬਿਜਲੀ ਘਰ ਵਿੱਚ 41 ਜਦੋਂਕਿ ਰੋਪੜ ਤਾਪ ਬਿਜਲੀ ਘਰ ’ਚ 39 ਦਿਨਾਂ ਦਾ ਕੋਲਾ ਭੰਡਾਰ ਪਿਆ ਹੈ। ਇਸੇ ਤਰ੍ਹਾਂ ਲਹਿਰਾ ਮੁਹੱਬਤ ਥਰਮਲ ਵਿੱਚ 27 ਦਿਨਾਂ ਦਾ, ਰਾਜਪੁਰਾ ਥਰਮਲ ’ਚ 22 ਦਿਨਾਂ ਅਤੇ ਤਲਵੰਡੀ ਸਾਬੋ ਪਾਵਰ ਪ੍ਰਾਜੈਕਟ ਕੋਲ 12 ਦਿਨਾਂ ਦਾ ਕੋਲਾ ਪਿਆ ਹੈ। ਯਾਨੀ ਕਿ ਵਧ ਰਹੀ ਬਿਜਲੀ ਦੀ ਮੰਗ ਦੇ ਮੱਦੇਨਜਰ ਅਜੇ ਸਰਕਾਰ ਦੇ ਕੋਲ ਢੁੱਕਵੇਂ ਪ੍ਰਬੰਧ ਨੇ ਤਾਂ ਹੋ ਸਕਦਾ ਹੈ ਕਿ ਇਸ ਵਾਰ ਕਿਸਾਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਪਰ ਘਰੇਲੂ ਸੈਕਟਰ ਦੇ ਵਿਚ ਵਧ ਰਹੀ ਬਿਜਲੀ ਦੀ ਮੰਗ ਕਾਰਨ ਲਗਾਤਾਰ ਕੱਟ ਲਗਾਏ ਜਾ ਰਹੇ ਹਨ