ਗੰਨੇ ਦੀ ਫ਼ਸਲ, ਖੇਤੀ ਵਿਭਿੰਨਤਾ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ- ਵਿਧਾਇਕ ਐਡਵੋਕੈਟ ਅਮਰਪਾਲ ਸਿੰਘ
ਸ੍ਰੀ ਹਰਗੋਬਿੰਦਪੁਰ ਸਾਹਿਬ (ਬਟਾਲਾ), 7 ਫਰਵਰੀ ( ) ਦਿਨੋਂ ਦਿਨ ਵਧ ਰਹੀ ਮਜ਼ਦੂਰਾਂ ਦੀ ਘਾਟ ਦੀ ਸਮੱਸਿਆ ਦੇ ਹੱਲ ਲਈ ਗੰਨੇ ਦੀ ਖੇਤੀ ਦਾ ਮਸ਼ੀਨੀਕਰਨ ਕਰਨ ਦੇ ਮੰਤਵ ਨਾਲ ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਗੰਨਾ ਉਤਪਾਦਕ ਕਿਸਾਨ ਭੁਪਿੰਦਰ ਸਿੰਘ ਅਤੇ ਸੱਤ ਹੋਰ ਕਿਸਾਨਾਂ ਵਲੋਂ ਸਮੂਹ ਬਣਾ ਕੇ ਗੰਨੇ ਦੀ ਕਟਾਈ ਕਰਨ ਵਾਲੀ ਮਸ਼ੀਨ ਦੀ ਖਰੀਦ ਕੀਤੀ ਗਈ, ਜਿਸ ’ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋ ਸਮੈਮ ਸਕੀਮ ਤਹਿਤ 50 % ਸਬਸਿਡੀ ਦਿੱਤੀ ਗਈ ਹੈ। ਇਸ ਮਸ਼ੀਨ ਦੀ ਭੌਤਿਕੀ ਵੈਰੀਫਿਕੇਸ਼ਨ ਖੇਤੀਬਾੜੀ ਅਧਿਕਾਰੀਆਂ ਵਲੋਂ ਹਲਕਾ ਵਿਧਾਇਕ ਐਡਵੋਕੈਟ ਅਮਰਪਾਲ ਸਿੰਘ ਦੀ ਹਾਜ਼ਰੀ ਵਿਚ ਕੀਤੀ ਗਈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ, ਗੁਰਦਾਸਪੁਰ ਡਾ. ਅਮਰੀਕ ਸਿੰਘ, ਡਾਕਟਰ ਸ਼ਾਹਬਾਜ ਸਿੰਘ ਚੀਮਾ, ਡਾਕਟਰ ਪਰਮਬੀਰ ਸਿੰਘ ਕਾਹਲੋ ਬਲਾਕ ਖ਼ੇਤੀਬਾੜੀ ਅਫ਼ਸਰ ਵੀ ਮੌਜੂਦ ਸਨ। ਇਸ ਮੌਕੇ ਕਿਸਾਨ ਜਾਗਰੂਕਤਾ ਕੈਂਪ ਵੀ ਲਗਾਇਆ ਗਿਆ।
ਇਸ ਮੌਕੇ ਕਿਸਾਨਾਂ ਨੂੰੰ ਸੰਬੋਧਨ ਕਰਦਿਆਂ ਵਿਧਾਇਕ ਐਡਵੋਕੈਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਭਲਾਈ ਲਈ ਕਈ ਕਾਰਜ ਕੀਤੇ ਜਾ ਰਹੇ ਹਨ । ਉਨਾਂ ਦੱਸਿਆ ਕਿ ਨੌਜਵਾਨਾਂ ਨੂੰ ਬਾਹਰਲੇ ਮੁਲਕਾਂ ਨੂੰ ਪਰਵਾਸ ਕਰਨ ਦੀ ਬਿਜਾਏ ਖੇਤੀ ਸਹਾਇਕ ਕਿੱਤੇ ਆਪਣਾ ਕੇ ਆਪਣਾ ਕਾਰੋਬਾਰ ਕਰਨ ਚਾਹੀਦਾ ਹੈ। ਉਨਾਂ ਕਿਹਾ ਕਿ ਗੰਨੇ ਦੀ ਬਿਜਾਈ ਤੋਂ ਲੈ ਕੇ ਕਟਾਈ ਤੱਕ ਵਰਤੀਆ ਜਾਣ ਵਾਲੀਆਂ ਨਵੀਆਂ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਉਣ ਲਈ ਖੇਤੀ ਅਧਿਕਾਰੀਆਂ ਵਲੋਂ ਸਮੇਂ ਸਮੇਂ ਤੇ ਕਿਸਾਨ ਜਾਗਰਕਤਾ ਕੈਂਪ ਲਗਾਏ ਜਾਂਦੇ ਹਨ ਜੋਂ ਇਕ ਸ਼ਲਾਘਾਯੋਗ ਉਪਰਾਲਾ ਹੈ।
ਉਨਾਂ ਅੱਗੇ ਕਿਹਾ ਗੰਨੇ ਦੀ ਫ਼ਸਲ ਖੇਤੀ ਵਿਭਿੰਨਤਾ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ, ਜਿਸ ਨਾਲ ਕਿਸਾਨ ਦੀ ਆਮਦਨ ਵਧਣ ਦੇ ਨਾਲ ਨਾਲ ਕੁਦਰਤੀ ਸਰੋਤਾਂ ਦੀ ਸੰਭਾਲ ਵੀ ਹੁੰਦੀ ਹੈ । ਉਨਾਂ ਕਿਸਾਨਾਂ ਨੂੰ ਖੇਤੀ ਮਾਹਿਰਾਂ ਨਾਲ ਲਗਾਤਾਰ ਸੰਪਰਕ ਬਣਾਉਣ ਦੀ ਅਪੀਲ ਕੀਤੀ। ਉਨਾਂ ਵੱਲੋ ਸਮੈਂਮ ਸਕੀਮ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਬਸਿਡੀ ਤੇ ਮੁਹਈਆ ਕਰਵਾਈ ਗਈ ਗੰਨਾ ਕੱਟਣ ਵਾਲੀ ਮਸ਼ੀਨ ਕਿਸਾਨ ਭੁਪਿੰਦਰ ਸਿੰਘ ਅਤੇ ਉਨਾਂ ਦੇ ਸਮੂਹ ਨੂੰ ਭੇਂਟ ਕੀਤੀ ਅਤੇ ਯਕੀਨ ਦਿਵਾਇਆ ਕਿ ਇਸ ਮਸ਼ੀਨ ਉਪਰ ਕਿਸਾਨ ਨੂੰ 40 ਪ੍ਰਤੀਸ਼ਤ ਦੀ ਸਬਸਿਡੀ ਦਿੱਤੀ ਗਈ ਜੋ ਕਿ 40.00 ਲੱਖ ਰੁਏ ਬਣਦੀ ਹੈ ਅਗਲੇ ਕੁਝ ਦਿਨਾਂ ਦੌਰਾਨ ਖਾਤੇ ਵਿਚ ਪਾ ਦਿੱਤੀ ਜਾਵੇਗੀ।
ਮੁੱਖ ਖੇਤੀਬਾੜੀ ਅਫਸਰ, ਡਾ. ਅਮਰੀਕ ਸਿੰਘ ਨੇ ਇਸ ਮਸ਼ੀਨ ਦੇ ਲਾਭ ਦੱਸਦੇ ਹੋਏ ਕਿਹਾ ਕਿ ਇਸ ਮਸ਼ੀਨ ਨਾਲ ਗੰਨੇ ਦੀ ਕਟਾਈ ਵਿੱਚ ਮਜ਼ਦੂਰਾਂ ਦੀ ਉਪਲਬਧਤਾ ਦੀ ਸਮੱਸਿਆ ਦਾ ਹਲ ਹੋ ਜਾਵੇਗਾ ਉਥੇ ਹੀ ਕਿਸਾਨ ਗੰਨੇ ਦੀ ਕਟਾਈ ਦੇ ਕੰਮ ਤੋਂ ਜਲਦੀ ਵੇਹਲਾ ਹੋ ਕੇ ਕਿਸਾਨੀ ਦੇ ਹੋਰ ਕੰਮਾਂ ਵਿੱਚ ਸਮਾਂ ਦੇ ਸਕਦੇ ਹੈ ਅਤੇ ਗੰਨੇ ਦੀ ਕਟਾਈ ਸਮੇਂ ਸਿਰ ਹੋਣ ਕਰਕੇ ਗੰਨੇ ਦੇ ਝਾੜ ਦਾ ਵੀ ਨੁਕਸਾਨ ਨਹੀਂ ਹੋਵੇਗਾ।
ਉਨਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੇ ਕੀਤੇ ਗਏ ਇਸ ਉਪਰਾਲੇ ਕਰਕੇ ਸਵੈ ਰੋਜ਼ਗਾਰ ਨੂੰ ਵੀ ਹੁਲਾਰਾ ਮਿਲਦਾ ਹੈ। ਇਸ ਸਕੀਮ ਦਾ ਲਾਭ ਲੈ ਕੇ ਕਿਸਾਨ ਕਸਟਮ ਹਾਇਰਿੰਗ ਸੈਂਟਰ ਬਣਾਕੇ ਹੋਰਨਾਂ ਕਿਸਾਨਾਂ ਦਾ ਕੰਮ ਕਿਰਾਏ ’ਤੇ ਕਰ ਸਕਦੇ ਹਨ ਅਤੇ ਮੁਨਾਫਾ ਕਮਾਂ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਫਸਲੀ ਵਿਭਿੰਨਤਾ ਲਿਆਉਣ ਲਈ ਗੰਨੇ ਦੀ ਫਸਲ ਇੱਕ ਵਧੀਆ ਬਦਲ ਹੋ ਸਕਦਾ ਹੈ ਅਤੇ ਗੰਨੇ ਦੀ ਕਾਸ਼ਤ ਵਿੱਚ ਇਸ ਤਰਾਂ ਦੇ ਮਸ਼ੀਨੀਕਰਨ ਨਾਲ ਇਸ ਫਸਲ ਅਧੀਨ ਰਕਬਾ ਵਧਨਣ ਦਾ ਅਨੁਸਾਨ ਹੈ। ਜਿਸ ਕਰਕੇ ਕਿਸਾਨ ਇਸ ਫਸਲ ਨੂੰ ਅਪਣਾ ਕੇ ਚੋਖਾ ਮੁਨਾਫਾ ਕਮਾ ਸਕਦੇ ਹਨ।
ਇਸ ਤੋਂ ਇਲਾਵਾ ਗੰਨੇ ਦੇ ਕਾਸ਼ਤ ਬਾਰੇ ਗੰਨਾ ਸਲਾਹਕਾਰ ਗੁਰਇਕਬਾਲ ਸਿੰਘ ਵਲੋਂ ਵਿਸਥਾਰ ਸਿਹਤ ਜਾਣਕਾਰੀ ਦਿੱਤੀ । ਗੰਨੇ ਦੇ ਮੰਡੀਕਰਨ ਬਾਰੇ ਜੀ ਐਮ ਸੂਗਰ ਮਿਲ ਤਿਵਾੜੀ ਨੇ ਵੀ ਕਿਸਾਨਾਂ ਨੂੰ ਸੰਬੋਧਿਤ ਕੀਤਾ।
ਇਸ ਮੌਕੇ ਤੇ ਡਾਕਟਰ ਦਿਲਰਾਜ ਸਿੰਘ ਨੇ ਪੀਐਮ ਕਿਸਾਨ ਸਮਾਨ ਨਿਧੀ ਯੋਜਨਾ ਬਾਰੇ ਦੱਸਿਆ। ਅਖੀਰ ਵਿਚ ਮੁੱਖ ਮਹਿਮਾਨ ਅਤੇ ਆਏ ਕਿਸਾਨਾਂ ਦਾ ਧੰਨਵਾਦ ਡਾਕਟਰ ਸ਼ਾਹਬਾਜ ਸਿੰਘ ਚੀਮਾ ਨੇ ਕੀਤਾ। ਇਸ ਕੈਂਪ ਦੀ ਸਟੇਜ ਸੈਕਟਰੀ ਦੀ ਭੂਮਿਕਾ ਖੇਤੀਬਾੜੀ ਵਿਸਥਾਰ ਅਫਸਰ ਸ੍ਰੀਮਤੀ ਬਲਵਿੰਦਰ ਕੌਰ ਨੇ ਨਿਭਾਈ।
ਇਸ ਮੌਕੇ ਬਲਵਿੰਦਰ ਸਿੰਘ ਨਾਭਾ, ਪਰਮਜੀਤ ਸਿੰਘ ਪੰਮਾ, ਸੋਢੀ, ਲੰਬੜਦਾਰ ਸੰਦੀਪ ਸਿੰਘ ਬਧੋਵਾਲ, ਲੱਕੀ ਚੌਧਰੀਵਾਲ, ਭੁਪਿੰਦਰ ਸਿੰਘ , ਰਾਕੇਸ਼ ਟੈਕਨੀਸ਼ੀਅਨ, ਐਸ ਆਈ ਗੁਰਸੇਵਕ ਸਿੰਘ, ਸਰਬਜੀਤ ਸਿੰਘ ਏਟੀਐਮ, ਪੰਕਜ, ਰਸ਼ੀਦ ਮੁਹੰਮਦ, ਸ਼ੁਭਪ੍ਰੀਤ ਸਿੰਘ ਅਤੇ ਰਣਬੀਰ ਸਿੰਘ ਹਾਜ਼ਰ ਸਨ।