ਰਾਜਾ ਵੜਿੰਗ ਤੇ ਰਾਣਾ ਗੁਰਜੀਤ ਸਿੰਘ ’ਚ ਚੱਲੀ ਹਊਮੈਂ ਦੀ ਜੰਗ

ਰਾਜਾ ਵੜਿੰਗ ਤੇ ਰਾਣਾ ਗੁਰਜੀਤ ਸਿੰਘ ’ਚ ਚੱਲੀ ਹਊਮੈਂ ਦੀ ਜੰਗ

ਚੰਡੀਗੜ੍ਹ- ਪੰਜਾਬ ਕਾਂਗਰਸ ‘ਜੁੜੇਗਾ ਬਲਾਕ, ਜਿੱਤੇਗਾ ਪੰਜਾਬ’ ਮੁਹਿੰਮ ਚਲਾ ਰਹੀ ਹੈ। ਪਾਰਟੀ ਬਲਾਕ ਪੱਧਰ ਦੇ ਵਰਕਰਾਂ ਨੂੰ ਸਰਗਰਮ ਕਰਨ ਅਤੇ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਸੀਨੀਅਰ ਕਾਂਗਰਸੀ ਆਗੂਆਂ ਵਿੱਚ ਏਕਤਾ ਨਜ਼ਰ ਆਉਣ ਦਾ ਨਾਂਅ ਨਹੀਂ ਲੈ ਰਹੀ। ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਵਿਚਕਾਰ ਹਊਮੈਂ ਦੀ ਲੜਾਈ ਸ਼ੁਰੂ ਹੋ ਗਈ ਹੈ ਜਦੋਂ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਜਿਨ੍ਹਾਂ ਨੂੰ ਲੁਧਿਆਣਾ ਪੱਛਮੀ ਤੋਂ ਪਾਰਟੀ ਉਮੀਦਵਾਰ ਐਲਾਨਿਆ ਗਿਆ ਹੈ, ਦਾ ਰਾਜਾ ਵੜਿੰਗ ਨਾਲ ਪੁਰਾਣਾ ਟਕਰਾਅ ਚੱਲ ਰਿਹਾ ਹੈ।

ਪਾਰਟੀ ਵਿੱਚ ਚੱਲ ਰਹੇ ਤਣਾਅ ਨੇ ਕਾਂਗਰਸ ਵਿੱਚ ਏਕਤਾ ਦੇ ਯਤਨਾਂ ਨੂੰ ਬੇਨਕਾਬ ਕਰ ਦਿੱਤਾ। ਜਦੋਂ ਕਾਂਗਰਸ ਨੇ ਸੁਲਤਾਨਪੁਰ ਲੋਧੀ ਵਿੱਚ ਬਦਲਾਅ ਰੈਲੀ ਕੀਤੀ। ਕਾਂਗਰਸ ਦੀ ਰੈਲੀ ਦੇ ਸਮਾਨਾਂਤਰ, ਸੁਲਤਾਨਪੁਰ ਲੋਧੀ ਦੇ ਆਜ਼ਾਦ ਵਿਧਾਇਕ ਅਤੇ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਨੇ ਵੀ ਰੈਲੀ ਕੀਤੀ ਜਦੋਂ ਕਿ ਰੈਲੀ ਤੋਂ ਬਾਅਦ ਰਾਜਾ ਵੜਿੰਗ ਆਸ਼ੂ ਨੂੰ ਮਿਲਣ ਲਈ ਲੁਧਿਆਣਾ ਸਥਿਤ ਉਨ੍ਹਾਂ ਦੇ ਘਰ ਪੁੱਜੇ। ਆਸ਼ੂ ਘਰ ਨਹੀਂ ਸੀ ਅਤੇ ਇੰਤਜ਼ਾਰ ਕਰਨ ਤੋਂ ਬਾਅਦ ਰਾਜਾ ਵੜਿੰਗ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ।

download (49)

Read Also- ਪੰਜਾਬ ਸਰਕਾਰ ਵੱਲੋਂ 3 IPS ਅਧਿਕਾਰੀਆਂ ਸਮੇਤ 97 ਪੁਲਿਸ ਅਧਿਕਾਰੀਆਂ ਦੇ ਤਬਾਦਲਿਆਂ ਦਾ ਨੋਟੀਫਿਕੇਸ਼ਨ ਹੋਇਆ ਜਾਰੀ

ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਕਾਂਗਰਸ ਦੀ ਏਕਤਾ ਟੁੱਟੀ ਹੋਵੇ। ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ "ਠੇਕੇਦਾਰ" ਕਿਹਾ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਇਸ ਮੁੱਦੇ ’ਤੇ ਬਾਜਵਾ ਨੂੰ ਘੇਰ ਲਿਆ।

ਉਸ ਸਮੇਂ ਬਾਜਵਾ ਇਕੱਲੇ ਰਹਿ ਗਏ ਸਨ। ਕਾਂਗਰਸੀ ਵਿਧਾਇਕਾਂ ਨੇ ਇੱਕ ਸਮੇਂ ਬਾਜਵਾ ਦੇ ਬਿਆਨ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਸੀ। ਹਾਲਾਂਕਿ ਪਾਰਟੀ ਨੇ ਬਾਅਦ ਵਿੱਚ ਦੋ ਵਾਰ ਵਾਕਆਊਟ ਕਰਕੇ ਏਕਤਾ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਵਿਧਾਇਕ 'ਠੇਕੇਦਾਰ' ਦੇ ਦੋਸ਼ ’ਤੇ ਬਾਜਵਾ ਦੇ ਨਾਲ ਖੜ੍ਹਾ ਨਹੀਂ ਦੇਖਿਆ ਗਿਆ। ਮਹੱਤਵਪੂਰਨ ਗੱਲ ਇਹ ਹੈ ਕਿ ਸੀਨੀਅਰ ਕਾਂਗਰਸੀ ਆਗੂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਕੋਈ ਸਬਕ ਨਹੀਂ ਸਿੱਖ ਰਹੇ ਜਾਪਦੇ।

2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਤਤਕਾਲੀ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਕਾਰ ਅੰਦਰੂਨੀ ਲੜਾਈ ਕਾਰਨ ਪਾਰਟੀ ਸਿਰਫ਼ 18 ਵਿਧਾਨ ਸਭਾ ਸੀਟਾਂ ਤੱਕ ਸਿਮਟ ਗਈ ਸੀ। ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵੀ ਆਪਣੀਆਂ ਸੀਟਾਂ ਨਹੀਂ ਬਚਾਅ ਸਕੇ। ਦੋ ਹਲਕਿਆਂ ਤੋਂ ਚੋਣ ਲੜਨ ਵਾਲੇ ਚੰਨੀ ਨੂੰ ਦੋਵਾਂ ਸੀਟਾਂ ’ਤੇ ਹੀ ਹਾਰ ਦਾ ਸਾਹਮਣਾ ਕਰਨਾ ਪਿਆ।