ਅਮਰੀਕਾ ’ਚ ਟਰੰਪ ਅਤੇ ਮਸਕ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ

ਅਮਰੀਕਾ ’ਚ ਟਰੰਪ ਅਤੇ ਮਸਕ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ

ਨਿਊਜ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਨਾਰਾਜ਼ ਲੋਕਾਂ ਨੇ ਮੁਲਕ ਦੇ ਸਾਰੇ 50 ਸੂਬਿਆਂ ’ਚ 1200 ਤੋਂ ਵੱਧ ਥਾਵਾਂ ’ਤੇ ਸ਼ਨਿਚਰਵਾਰ ਨੂੰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਾਂ ਨੂੰ ‘ਹੈਂਡਜ਼ ਆਫ਼’ ਨਾਮ ਦਿੱਤਾ ਗਿਆ ਜਿਸ ਦਾ ਮਤਲਬ ਹੈ ਕਿ ਟਰੰਪ ਲੋਕਾਂ ਦੇ ਨਿੱਜੀ ਮਾਮਲਿਆਂ ’ਚ ਦਖ਼ਲ ਦੇਣਾ ਬੰਦ ਕਰਨ। ਦੇਸ਼ ਭਰ ’ਚ ਵਕੀਲਾਂ, ਨਾਗਰਿਕ ਅਧਿਕਾਰ ਜਥੇਬੰਦੀਆਂ, ਐੱਲਜੀਬੀਟੀ ਸਮਰਥਕਾਂ, ਮਨੁੱਖੀ ਹੱਕਾਂ ਦੇ ਕਾਰਕੁਨਾਂ ਸਮੇਤ 150 ਤੋਂ ਵੱਧ ਗਰੁੱਪਾਂ ਨੇ ਰੈਲੀਆਂ ਕੀਤੀਆਂ। ਇਸ ਦੌਰਾਨ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸੜਕਾਂ ’ਤੇ ਟਰੰਪ ਅਤੇ ਉੱਘੇ ਕਾਰੋਬਾਰੀ ਐਲਨ ਮਸਕ ਖ਼ਿਲਾਫ਼ ਪੋਸਟਰ ਲਹਿਰਾਉਂਦੇ ਦਿਖੇ।

ਪ੍ਰਦਰਸ਼ਨਕਾਰੀਆਂ ਨੇ ਟਰੰਪ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ, ਦੇਸ਼ ਨਿਕਾਲੇ, ਅਰਥਚਾਰੇ ਅਤੇ ਹੋਰ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਾਂ ਬਾਰੇ ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ, ‘‘ਰਾਸ਼ਟਰਪਤੀ ਟਰੰਪ ਦਾ ਸਟੈਂਡ ਸਪੱਸ਼ਟ ਹੈ। ਉਹ ਸਮਾਜਿਕ ਸੁਰੱਖਿਆ, ਮੈਡੀਕੇਅਰ ਅਤੇ ਮੈਡਿਕਏਡ ਦੇ ਯੋਗ ਲਾਭਪਾਤਰੀਆਂ ਦੀ ਹਮੇਸ਼ਾ ਰਾਖੀ ਕਰਨਗੇ। ਉਂਝ ਡੈਮੋਕਰੈਟਸ ਦਾ ਰਵੱਈਆ ਗ਼ੈਰਕਾਨੂੰਨੀ ਵਿਦੇਸ਼ੀਆਂ ਨੂੰ ਸਮਾਜਿਕ ਸੁਰੱਖਿਆ, ਮੈਡਿਕਏਡ ਅਤੇ ਮੈਡੀਕੇਅਰ ਲਾਭ ਦੇਣਾ ਹੈ ਜਿਸ ਨਾਲ ਪ੍ਰੋਗਰਾਮਾਂ ਦਾ ਦੀਵਾਲੀਆ ਨਿਕਲ ਜਾਵੇਗਾ ਅਤੇ ਅਮਰੀਕੀ ਸੀਨੀਅਰ ਨਾਗਰਿਕ ਬਰਬਾਦ ਹੋ ਜਾਣਗੇ।’’ ਮਿੱਡਟਾਊਨ ਮੈਨਹਟਨ ਤੋਂ ਅਲਾਸਕਾ ਤੱਕ ਦੇਸ਼ ਭਰ ਦੇ ਸ਼ਹਿਰਾਂ ’ਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤੇ। ਵੈਸਟ ਕੋਸਟ ’ਤੇ ਸਿਆਟਲ ’ਚ ਪ੍ਰਦਰਸ਼ਨਕਾਰੀਆਂ ਨੇ ‘ਕੁਲੀਨ ਤੰਤਰ ਨਾਲ ਸੰਘਰਸ਼ ਕਰੋ’ ਜਿਹੇ ਨਾਅਰੇ ਲਿਖੇ ਪੋਸਟਰ ਫੜੇ ਹੋਏ ਸਨ।

download (53)

Read Also- ਰਾਸ਼ਟਰਪਤੀ ਦਰੋਪਦੀ ਮੁਰਮੂ ਦੋ ਰੋਜ਼ਾ ਫੇਰੀ ਲਈ ਪੁਰਤਗਾਲ ਪੁੱਜੇ

ਪੋਰਟਲੈਂਡ, ਓਰੇਗਨ ਅਤੇ ਲਾਸ ਏਂਜਲਸ ’ਚ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ ਅਤੇ ਪਰਸ਼ਿੰਗ ਸਕੁਏਅਰ ਤੋਂ ਸਿਟੀ ਹਾਲ ਤੱਕ ਮਾਰਚ ਕੀਤਾ। ਵਾਸ਼ਿੰਗਟਨ ਡੀਸੀ ਦੇ ਨੈਸ਼ਨਲ ਮਾਲ ’ਚ ਰੈਲੀ ਦੌਰਾਨ ਮਨੁੱਖੀ ਹੱਕਾਂ ਨਾਲ ਸਬੰਧਤ ਜਥੇਬੰਦੀ ਦੇ ਪ੍ਰਧਾਨ ਕੈਲੀ ਰੌਬਿਨਸਨ ਨੇ ਐੱਲਬੀਜੀਟੀਕਿਊ ਭਾਈਚਾਰੇ ਨਾਲ ਪ੍ਰਸ਼ਾਸਨ ਵੱਲੋਂ ਅਪਣਾਏ ਵਤੀਰੇ ਦੀ ਆਲੋਚਨਾ ਕੀਤੀ। ਬੋਸਟਨ ’ਚ ਪ੍ਰਦਰਸ਼ਨ ਦੌਰਾਨ ਮੇਅਰ ਮਿਸ਼ੇਲ ਵੂ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਉਸ ਦੇ ਬੱਚੇ ਅਤੇ ਹੋਰ ਲੋਕ ਡਰ ਤੇ ਨਫ਼ਰਤ ਦੇ ਮਾਹੌਲ ’ਚ ਜਿਊਣ ਅਤੇ ਜਿਥੇ ਉਨ੍ਹਾਂ ਦੇ ਹੱਕਾਂ ’ਤੇ ਹਮਲੇ ਹੋਣ।

ਡੈਲਾਵੇਅਰ ਕਾਊਂਟੀ ਦੇ ਰੋਜਰ ਬਰੂਮ (66) ਨੇ ਕਿਹਾ ਕਿ ਉਹ ਪਹਿਲਾਂ ਰਿਪਬਲਿਕਨ ਪਾਰਟੀ ਨਾਲ ਜੁੜਿਆ ਹੋਇਆ ਸੀ ਪਰ ਟਰੰਪ ਦੀਆਂ ਨੀਤੀਆਂ ਕਾਰਨ ਉਹ ਪਾਰਟੀ ਖ਼ਿਲਾਫ਼ ਡਟ ਗਿਆ ਹੈ। ਸੈਂਕੜੇ ਲੋਕਾਂ ਨੇ ਫਲੋਰਿਡਾ ’ਚ ਟਰੰਪ ਦੇ ਗੋਲਫ ਕੋਰਸ ਤੋਂ ਕੁਝ ਦੂਰੀ ’ਤੇ ਪਾਮ ਬੀਚ ਗਾਰਡਨਜ਼ ’ਚ ਪ੍ਰਦਰਸ਼ਨ ਕੀਤੇ। ਲੋਕਾਂ ਨੇ ਆਪਣੀਆਂ ਕਾਰਾਂ ਦੇ ਹੌਰਨ ਵਜਾਏ ਅਤੇ ਟਰੰਪ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੋਰਟ ਸੇਂਟ ਲੂਈ (ਫਲੋਰਿਡਾ) ਦੇ ਆਰਚਰ ਮੋਰਾਨ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਵਰਗੀਆਂ ਨੀਤੀਆਂ ਤੋਂ ਸਰਕਾਰ ਨੂੰ ਲਾਂਭੇ ਰਹਿਣ ਦੀ ਲੋੜ ਹੈ।