ਅੱਠਵੀਂ ਜਮਾਤ ਵਿੱਚੋਂ ਦੂਜੇ ਸਥਾਨ ਉੱਤੇ ਆਈ ਨਵਜੋਤ ਕੌਰ ਨੂੰ ਡਿਪਟੀ ਕਮਿਸ਼ਨਰ ਨੇ ਵੀਡਿਓ ਕਾਲ ਰਾਹੀਂ ਦਿੱਤੀਆਂ ਮੁਬਾਰਕਾਂ

ਅੱਠਵੀਂ ਜਮਾਤ ਵਿੱਚੋਂ ਦੂਜੇ ਸਥਾਨ ਉੱਤੇ ਆਈ ਨਵਜੋਤ ਕੌਰ ਨੂੰ ਡਿਪਟੀ ਕਮਿਸ਼ਨਰ ਨੇ ਵੀਡਿਓ ਕਾਲ ਰਾਹੀਂ ਦਿੱਤੀਆਂ ਮੁਬਾਰਕਾਂ

ਮੋਗਾ, 6 ਅਪ੍ਰੈਲ -
ਜ਼ਿਲ੍ਹਾ ਮੋਗਾ ਦੇ ਪਿੰਡ ਡੇਮਰੂ ਕਲਾਂ ਦੀ ਧੀ ਨਵਜੋਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ ਜਮਾਤ ਦੇ ਨਤੀਜਿਆਂ ਵਿਚੋਂ ਪੂਰੇ ਪੰਜਾਬ ਵਿੱਚੋਂ ਦੂਸਰਾ ਸਥਾਨ ਹਾਸਲ ਕਰਕੇ ਵਿਸ਼ੇਸ਼ ਪ੍ਰਾਪਤੀ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਉਸਦਾ ਮਨੋਬਲ ਵਧਾਉਂਦਿਆ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਉਸ ਨਾਲ ਹਮੇਸ਼ਾ ਖੜੇ ਹਨ ਅਤੇ ਉਸਦੀ ਕਾਮਯਾਬੀ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਉਸਨੂੰ ਸਰਕਾਰ ਦੀਆਂ ਸਿੱਖਿਆ ਨਾਲ ਸਬੰਧਤ ਭਲਾਈ ਸਕੀਮਾਂ ਦਾ ਲਾਹਾ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਰਥਿਕ ਪੱਖ ਤੋਂ ਇਸਦੀ ਸਹਾਇਤਾ ਕਰਨ ਦੇ ਨਾਲ ਨਾਲ ਉਹ ਖੁਦ ਵੀ ਉਸਦੇ ਕਰੀਅਰ ਲਈ ਰਾਹ ਦਸੇਰਾ ਬਣ ਕੇ ਸਾਥ ਦੇਣਗੇ।

ਨਵਜੋਤ ਕੌਰ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਉਹ ਉਚੇਰੀ ਪੜ੍ਹਾਈ ਹਾਸਿਲ ਕਰਕੇ ਇੱਕ ਕਾਬਿਲ ਡਾਕਟਰ ਬਨਣਾ ਚਾਹੁੰਦੀ ਹੈ, ਪ੍ਰੰਤੂ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਉਸਨੂੰ ਸਰਕਾਰ ਦੇ ਸਹਾਰੇ ਦੀ ਲੋੜ੍ਹ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਹ ਆਪਣੀ ਮਿਹਨਤ ਇਸੇ ਤਰੀਕੇ ਨਾਲ ਜਾਰੀ ਰੱਖੇ ਅਤੇ ਕਿਸੇ ਵੀ ਆਰਥਿਕ ਤੰਗੀ ਦਾ ਬੋਝ ਆਪਣੇ ਮਨ ਉੱਪਰ ਨਾ ਪੈਣ ਦੇਵੇ ਕਿਉਕਿ ਸਰਕਾਰ ਤੇ ਪ੍ਰਸ਼ਾਸਨ ਉਸ ਨਾਲ ਹਮੇਸ਼ਾ ਖੜੇ ਰਹਿਣਗੇ।

ਡਿਪਟੀ ਕਮਿਸ਼ਨਰ ਦੀਆਂ ਇਹਨਾਂ ਗੱਲਾਂ ਨੇ ਨਵਜੋਤ ਕੌਰ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਦੇ ਅੱਖਾਂ ਵਿੱਚ ਹੰਝੂ ਲਿਆ ਦਿੱਤੇ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਕਿ ਨਵਜੋਤ ਕੌਰ ਦੀ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ।

ਡਿਪਟੀ ਕਮਿਸ਼ਨਰ ਨੇ ਨਵਜੋਤ ਕੌਰ ਦੇ ਮਾਤਾ ਪਿਤਾ ਦੀ ਹੌਂਸਲਾ ਅਫਜ਼ਾਈ ਕੀਤੀ ਕਿ ਉਹ ਲੜਕੀ ਨੂੰ ਆਰਥਿਕ ਤੰਗੀ ਹੋਣ ਦੇ ਬਾਵਜੂਦ ਵੀ ਵਧੀਆ ਸਿੱਖਿਆ ਮੁੱਹਈਆ ਕਰਵਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਧੀਆਂ ਕਿਸੇ ਵੀ ਮਾਤਾ ਪਿਤਾ ਉੱਪਰ ਬੋਝ ਨਹੀਂ ਹੁੰਦੀਆਂ ਸਗੋਂ ਜੇਕਰ ਇਹਨਾਂ ਨੂੰ ਖੁੱਲ ਕੇ ਮੌਕੇ ਦਿੱਤੇ ਜਾਣ ਤਾਂ ਉਹ ਔਖੀ ਤੋਂ ਔਖੀ ਮੰਜਿਲ ਵੀ ਅਸਾਨੀ ਨਾਲ ਸਰ ਕਰ ਸਕਦੀਆਂ ਹਨ।

ਜਿਕਰਯੋਗ ਹੈ ਕਿ ਨਵਜੋਤ ਕੌਰ ਨੇ ਅੱਠਵੀਂ ਕਲਾਸ ਵਿੱਚੋਂ ਸਤ ਫੀਸਦੀ ਭਾਵ 600 ਵਿਚੋਂ 600 ਅੰਕ ਪ੍ਰਾਪਤ ਕੀਤੇ ਹਨ, ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਪੁਨੀਤ ਵਰਮਾ ਨਾਲੋਂ ਇੱਕ ਸਾਲ ਵੱਡੀ ਹੋਣ ਕਰਕੇ ਉਸਨੂੰ ਦੂਸਰਾ ਸਥਾਨ ਦਿੱਤਾ ਗਿਆ ਹੈ।

Tags: